ਪਾਤੜਾਂ, 26 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਂਸਲ ਪਾਤੜਾਂ ਦੀ ਹੋਈਆਂ ਚੋਣਾਂ ਦੌਰਾਨ ਪੁਲਿਸ ਵਲੋਂ ਵਰਤੀ ਗਈ ਮੁਸਤੈਦੀ ਕਾਰਨ ਵੋਟਾਂ ਪਵਾਏ ਜਾਣ ਦਾ ਕੰਮ ਪ੍ਰਸ਼ਾਸਨ ਵਲੋਂ ਸ਼ਾਂਤੀ ਪੂਰਵਕ ਨੇਪਰੇ ਚਾੜ ਲਿਆ ਗਿਆ | ਸ਼ਹਿਰ ਦੇ ਵਾਰਡ ਨੰਬਰ 11 ਅਤੇ 8 ਵਿਚ ਦੋ ਪਾਰਟੀਆਂ ਦੇ ਵਰਕਰਾਂ ਵਿਚ ਮਾਮੂਲੀ ਤਕਰਾਰ ਹੋਇਆ ਜਿਸ ਨੂੰ ਮੌਕੇ 'ਤੇ ਮੌਜੂਦ ਪੁਲਿਸ ਵਲੋਂ ਸੁਲਝਾ ਲਿਆ ਗਿਆ ਅਤੇ ਇਨਾਂ ਵੋਟਾਂ ਦੌਰਾਨ 65 ਫ਼ੀਸਦੀ ਤੋਂ ਵੋਟਾਂ ਪੋਲ ਹੋਈਆਂ ਹਨ | ਪਾਤੜਾਂ ਸ਼ਹਿਰ ਵਿਚ 13 ਵਾਰਡਾਂ ਲਈ ਪਈਆਂ ਵੋਟਾਂ ਸਨ ਜਿਨਾਂ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਵਾਰਡਾਂ ਵਿਚ ਜਦੋਂ ਕਿ ਦੂਜੀਆਂ ਪਾਰਟੀਆਂ ਦੇ ਕੁਝ ਵਾਰਡਾਂ ਵਿਚ ਉਮੀਦਵਾਰ ਨਹੀਂ ਸਨ ਇਸ ਤੋਂ ਇਲਾਵਾ 4 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ | ਸਵੇਰ ਸਾਰ ਹੀ ਇਨਾਂ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਪਣੇ ਕੰਮਾਂ ਕਾਰਾਂ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਵੋਟਰਾਂ ਵਲੋਂ ਪਾਤੜਾਂ ਵਿਚ ਆ ਕੇ ਆਪਣੇ ਵੋਟ ਦੇ ਮਿਲੇ ਅਧਿਕਾਰ ਦੀ ਵਰਤੋਂ ਕੀਤੀ ਗਈ | ਵਾਰਡ ਨੰਬਰ 13 ਦੇ ਵੋਟਰਾਂ ਨੇ ਕਿਹਾ ਕਿ ਉਨਾਂ ਨੂੰ ਵੋਟਾਂ ਪਾਉਣ ਲਈ ਲਾਈਨਾਂ ਵਿਚ ਧੁੱਪ 'ਚ ਖੜਨ ਲਈ ਮਜਬੂਰ ਹੋਣਾ ਪਿਆ ਜਿਸ ਕਰਕੇ ਕੁਝ ਵੋਟਰ ਬਿਨਾਂ ਵੋਟ ਪਾਏ ਵਾਪਸ ਚਲੇ ਗਏ ਹਨ | ਪਾਤੜਾਂ ਦੇ ਵਾਰਡ ਨੰਬਰ 8 ਵਿਚ ਵੋਟਾਂ ਪਾਉਣ ਨੂੰ ਲੈ ਕੇ ਜਿੱਥੇ ਕੁਝ ਤਕਰਾਰ ਹੋਇਆ ਜਿਸ ਨੂੰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਆਪਸ ਵਿਚ ਗੱਲ ਕਰਕੇ ਸੁਲਝਾ ਲਿਆ ਜਦੋਂ ਕਿ ਵਾਰਡ ਨੰਬਰ 11 ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਕਾਂ ਨੇ ਉਨਾਂ ਦੇ ਪੋਲਿੰਗ ਏਜੰਟ ਨੂੰ ਬਦਲਣ ਨੂੰ ਲੈ ਕੇ ਧੱਕਾਸ਼ਾਹੀ ਕਰਨ ਦੇ ਦੋਸ਼ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਸਮਰਥਕਾਂ ਤੇ ਲਾਏ ਗਏ ਪਰ ਇਨਾਂ ਦੋਸ਼ਾਂ ਨੂੰ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਖੰਡਨ ਕੀਤਾ ਗਿਆ | ਸੈਕਟਰ ਅਫ਼ਸਰ ਲਵਕੇਸ਼ ਕੁਮਾਰ ਨੇ ਕਿਹਾ ਕਿ ਵੋਟਰਾਂ ਲਈ ਛਮਿਆਨੇ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ | ਇਸ ਬਾਰੇ ਰਿਟਰਨਿੰਗ ਅਫ਼ਸਰ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਾਤੜਾਂ ਨੇ ਦੱਸਿਆ ਕਿ ਸਖਤ ਪ੍ਰਬੰਧਾਂ ਦੇ ਬਦੌਲਤ 65.99 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ | ਗੁਰਦੀਪ ਸਿੰਘ ਸੰਧੂ ਡੀ.ਐਸ.ਪੀ ਪਾਤੜਾਂ ਨੇ ਦੱਸਿਆ ਕਿ ਸਖਤ ਪ੍ਰਬੰਧਾਂ ਕਾਰਨ ਵੋਟਾਂ ਪਵਾਏ ਜਾਣ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚਾੜ ਲਿਆ ਗਿਆ ਹੈ |