ਬਹਾਦਰਗੜ੍ਹ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਸੂਬਾ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਬੋਗ ਸਿੰਘ ਮਾਨਸਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਦਲਵੀਰ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਬਹੁਤ ਲੰਮੇ ਸਮੇਂ ਬਾਅਦ ਲੋਕਤੰਤਰਿਕ ਢੰਗ ਨਾਲ ਬਲਾਕਾਂ ਅਤੇ ਜ਼ਿਲਿਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਪਟਿਆਲਾ ਦੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਡੈਲੀਗੇਟਾਂ ਦੀ ਸਰਬਸੰਮਤੀ ਨਾਲ ਗਿਆਨ ਸਿੰਘ ਰਾਏਪੁਰ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਇਸੇ ਤਰ੍ਹਾਂ ਮਨਿੰਦਰ ਸਿੰਘ ਬੱਤੀ ਜਨਰਲ ਸਕੱਤਰ, ਟਹਿਲ ਸਿੰਘ ਜਲਾਲਪੁਰ ਸੀਨੀਅਰ ਮੀਤ ਪ੍ਰਧਾਨ , ਬਖਸੀਸ ਸਿੰਘ ਹਰਪਾਲਪੁਰ ਮੀਤ ਪ੍ਰਧਾਨ, ਦੀਦਾਰ ਸਿੰਘ ਰਾਏਪੁਰ ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਪੰਡਤਾਂ ਸਕੱਤਰ, ਹਰਜੀਤ ਸਿੰਘ ਬਠੋਈ ਸੰਗਠਨ ਸਕੱਤਰ ਚੁਣਿਆ ਗਿਆ | ਸੂਬਾ ਜਨਰਲ ਸਕੱਤਰ ਬੋਗ ਸਿੰਘ ਮਾਨਸਾ ਨੇ ਦੱਸਿਆ ਕਿ ਉਪਰੋਕਤ ਸਾਰੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ਨਵ ਨਿਯੁਕਤ ਸਾਰੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਦੇ ਹਿਤਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਜਥੇਬੰਦੀ ਦੁਆਰਾ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਵਚਨਬੱਧ ਰਹਿਣਗੇ | ਦਲਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਬੀਤੇ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਕਾਰਨ ਕਿਸਾਨਾਂ ਅਤੇ ਹਰ ਵਿਅਕਤੀ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ ਸਰਕਾਰ ਦੁਆਰਾ ਇਸ ਕੀਤੇ ਗਏ ਵਾਧੇ ਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਡਟਕੇ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਮੰਗਾਂ ਸੰਬੰਧੀ ਐੱਸ.ਕੇ.ਐਮ. ਵਲੋਂ 2 ਜੂਨ ਨੂੰ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਸ ਦੀ ਹਮਾਇਤ ਕਰਦੀ ਹੈ | ਇਸ ਮੌਕੇ ਸੀਨੀਅਰ ਕਿਸਾਨ ਆਗੂ ਜੋਰਾਵਰ ਸਿੰਘ ਬਲਬੇੜਾ, ਪ੍ਰੇਮ ਸਿੰਘ ਭੈਣੀ, ਮਹਿੰਦਰ ਸਿੰਘ ਨੂਰਖੇੜੀਆਂ, ਸਰਬਜੀਤ ਸਿੰਘ ਕਾਮੀ ਕਲਾਂ, ਹਰਭਜਨ ਸਿੰਘ ਮੰਜੋਲੀ, ਭੁਪਿੰਦਰ ਸਿੰਘ ਰਾਠੀਆਂ, ਕਰਮਜੀਤ ਸਿੰਘ ਕਕਰਾਲਾ, ਗੁਰਮੁੱਖ ਸਿੰਘ ਮਹਿਮਾਂ, ਪ੍ਰਦੀਪ ਸਿੰਘ, ਸੁਖਮਿੰਦਰ ਸਿੰਘ ਧਰੇੜੀ ਜੱਟਾਂ, ਗਿਆਨ ਸਿੰਘ ਰਾਠੀਆਂ, ਜਸਵੰਤ ਸਿੰਘ ਦੌਣ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਸਨ |