ਘਨੌਰ, 27 ਮਈ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਆਉਣ ਵਾਲੇ 10 ਦਿਨਾਂ ਦੇ ਪੈਦਲ ਮਾਰਚ 'ਬੋਲੇਗਾ ਘਨੌਰ, ਬਦਲੇਗਾ ਦੌਰ' ਦਾ ਰਸਮੀ ਐਲਾਨ ਕੀਤਾ ਹੈ | ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਨੌਂ ਸਾਲਾਂ ਤੋਂ ਘਨੌਰ ਦੇ ਲੋਕਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਉਨ੍ਹਾਂ ਦਾ ਆਰਥਿਕ ਤੇ ਸਿਆਸੀ ਸ਼ੋਸ਼ਣ ਹੋਇਆ ਹੈ | ਝਿੰਜਰ ਨੇ ਕਿਹਾ ਕਿ ਪਹਿਲੇ ਪੰਜ ਸਾਲ ਕਾਂਗਰਸ ਅਤੇ ਉਸ ਤੋਂ ਬਾਅਦ ਦੇ ਚਾਰ ਸਾਲ ਮੌਜੂਦਾ 'ਆਪ' ਸਰਕਾਰ ਦੌਰਾਨ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਦਬਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ, ''ਪਿਛਲੇ ਨੌਂ ਸਾਲਾਂ ਦੌਰਾਨ ਸੱਤਾ ਵਿਚ ਰਹੀਆਂ ਸਰਕਾਰਾਂ ਨੇ ਘਨੌਰ ਦੇ ਲੋਕਾਂ ਦੀਆਂ ਅਸਲ ਅਤੇ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਸਿਰਫ ਆਪਣੇ ਸਿਆਸੀ ਫ਼ਾਇਦੇ ਲਈ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਦੁਖ-ਦਰਦ ਨੂੰ ਸਿੱਧੇ ਤੌਰ 'ਤੇ ਸੁਣਨ, ਪਿੰਡਾਂ ਦੀਆਂ ਹਕੀਕੀ ਮੁਸ਼ਕਲਾਂ ਨੂੰ ਡੂੰਘਾਈ ਨਾਲ ਸਮਝਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਉਚਿਤ ਮੰਚ ਤੱਕ ਪਹੁੰਚਾਉਣ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮਰਪਿਤ ਵਰਕਰਾਂ ਨਾਲ ਮਿਲ ਕੇ ਪੂਰੇ ਹਲਕੇ 'ਚ ਪੈਦਲ ਯਾਤਰਾ ਕਰਨਗੇ | ਝਿੰਜਰ ਨੇ ਮਾਰਚ ਦੇ ਰੂਟ ਅਤੇ ਸਮੇਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੈਦਲ ਮਾਰਚ 30 ਮਈ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਆਕੜ (ਘਨੌਰ) ਤੋਂ ਅਰਦਾਸ ਕਰਕੇ ਸ਼ੁਰੂ ਕੀਤਾ ਜਾਵੇਗਾ | ਇਹ ਯਾਤਰਾ ਲਗਾਤਾਰ 10 ਦਿਨ ਚੱਲਦੀ ਹੋਈ 8 ਜੂਨ ਨੂੰ ਸਮਾਪਤ ਹੋਵੇਗੀ | ਇਸ ਦੌਰਾਨ ਘਨੌਰ ਹਲਕੇ ਦੇ 100 ਤੋਂ ਵੱਧ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ, ਜਿੱਥੇ ਉਹ ਖ਼ੁਦ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਰਜ ਕਰਨਗੇ | ਇਹ ਕੋਈ ਸਿਆਸੀ ਰੈਲੀ ਨਹੀਂ, ਸਗੋਂ ਹਲਕੇ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨ ਵਾਲਾ ਇਕ ਜਨ ਅੰਦੋਲਨ ਹੈ | ਝਿੰਜਰ ਨੇ ਕਿਹਾ ਕਿ ਯਾਤਰਾ ਦੌਰਾਨ ਇਕੱਠੀਆਂ ਕੀਤੀਆਂ ਸਾਰੀਆਂ ਸਮੱਸਿਆਵਾਂ ਦਾ ਿ ਵਿਸ਼ੇਸ਼ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਅਤੇ ਇਨ੍ਹਾਂ ਮੁੱਦਿਆਂ ਨੂੰ ਪੰਜਾਬ ਪੱਧਰ 'ਤੇ ਸਰਕਾਰ ਅਤੇ ਉੱਚ ਪ੍ਰਸ਼ਾਸਨ ਦੇ ਸਨਮੁਖ ਚੁੱਕ ਕੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਨੀਂਦ ਤੋਂ ਜਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਘਨੌਰ ਦੇ ਲੋਕ ਅਸਲ ਵਿਚ ਕਿਸ ਨਰਕ ਭਰੀ ਜ਼ਿੰਦਗੀ ਅਤੇ ਸਮੱਸਿਆਵਾਂ ਨਾਲ ਜੂਝ ਰਹੇ ਹਨ | ਅੰਤ ਵਿਚ ਯੂਥ ਪ੍ਰਧਾਨ ਨੇ ਘਨੌਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਪੈਦਲ ਮਾਰਚ 'ਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ, ਕਿਉਂਕਿ ਹਲਕੇ ਦੇ ਸੁਹਿਰਦ ਵਿਕਾਸ ਅਤੇ ਸਾਂਝੀ ਆਵਾਜ਼ ਨੂੰ ਬੁਲੰਦ ਕਰਨ ਲਈ ਹਰ ਇਕ ਨਾਗਰਿਕ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ | ਇਸ ਅਹਿਮ ਪ੍ਰੈੱਸ ਕਾਨਫਰੰਸ ਮੌਕੇ ਉਨ੍ਹਾਂ ਦੇ ਨਾਲ ਐੱਸ.ਜੀ.ਪੀ.ਸੀ. ਮੈਂਬਰ ਜਸਮੇਰ ਸਿੰਘ ਲਾਛੜੂ, ਗੁਰਜਿੰਦਰ ਸਿੰਘ ਕਬੂਲਪੁਰ, ਕੁਲਵਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ ਸਰਵਾਰਾ ਅਤੇ ਅਵਤਾਰ ਰਾਣਾ ਸਮੇਤ ਕਈ ਸੀਨੀਅਰ ਅਕਾਲੀ