ਨਾਭਾ, 27 ਮਈ (ਜਗਨਾਰ ਸਿੰਘ ਦੁਲੱਦੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਅੱਜ ਨਾਭਾ ਨੇੜਲੇ ਪਿੰਡ ਥੂਹੀ ਵਿਖੇ 'ਮੇਰੀ ਰਸੋਈ' ਸਕੀਮ ਅਧੀਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਰਿਵਾਰ ਆਪਣੇ 'ਆਪ' ਨੂੰ ਇਕੱਲਾ, ਬੇਸਹਾਰਾ ਜਾਂ ਲਾਚਾਰ ਨਾ ਸਮਝੇ | ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ | ਵਿਧਾਇਕ ਦੇਵ ਮਾਨ ਨੇ ਕਿਹਾ ਕਿ Tਮੇਰੀ ਰਸੋਈU ਸਕੀਮ ਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੈ ਤਾਂ ਜੋ ਉਹਨਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਹੋਰ ਵੀ ਕਈ ਸਕੀਮਾਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸਿੱਧਾ ਲਾਭ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹਰ ਘਰ ਤੱਕ ਸੁਵਿਧਾਵਾਂ ਪਹੁੰਚਾਉਣਾ ਅਤੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਤਰੱਕੀ ਦੇ ਰਾਹ 'ਤੇ ਅੱਗੇ ਵਧਣਾ ਹੈ | ਇਸ ਮੌਕੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ Tਮੇਰੀ ਰਸੋਈU ਵਰਗੀਆਂ ਯੋਜਨਾਵਾਂ ਲੋੜਵੰਦ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀਆਂ ਹਨ | ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸਮਾਜ ਵਿੱਚ ਸਾਂਝ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕਰ ਰਹੇ ਹਨ | ਇਸ ਮੌਕੇ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਪੰਕਜ ਠਾਕੁਰ ਏਐਫਐਸਓ ਫੂਡ ਸਪਲਾਈ ਵਿਭਾਗ, ਕਪਿਲ ਮਾਨ, ਸਿਮਰਨਜੀਤ ਅੜਕ ਚੌਹਾਨ, ਜਸਵੀਰ ਸਿੰਘ ਵਜੀਦਪੁਰ, ਹਰਪ੍ਰੀਤ ਸਿੰਘ ਥੂਹੀ, ਕੁਲਦੀਪ ਸਿੰਘ, ਸੁਖਜੀਤ ਸਿੰਘ ਸਰਪੰਚ, ਭੀਮ ਸਿੰਘ, ਗੱਗੀ ਥੂਹੀ, ਸੁੱਖਾ ਥੂਹੀ, ਅਮਰੀਕ ਸਿੰਘ ਥੂਹੀ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ |