ਸਨੌਰ, 28 ਮਈ (ਮੋਹਣ ਸਿੰਘ ਭੱਟੀ)-ਪਟਿਆਲਾ ਦੇ ਸਨੌਰ ਰੋਡ 'ਤੇ ਸਥਿਤ ਆਲ ਇੰਡੀਆ ਪਿੰਗਲਾ ਆਸ਼ਰਮ ਵਰਗੀ ਮਹੱਤਵਪੂਰਨ ਸਮਾਜ-ਸੇਵੀ ਸੰਸਥਾ ਅਤੇ ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਦੀ ਮਹਿਜ਼ 50-60 ਮੀਟਰ ਦੀ ਹੱਦ ਅੰਦਰ ਨਵਾਂ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਮਾਮਲਾ ਗੰਭੀਰ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ | ਇਸ ਸੰਵੇਦਨਸ਼ੀਲ ਸਥਾਨ 'ਤੇ ਸ਼ਰਾਬ ਦੀ ਵਿੱਕਰੀ ਸ਼ੁਰੂ ਹੋਣ ਕਾਰਨ ਇਲਾਕੇ ਦੇ ਲੋਕਾਂ, ਸ਼ਰਧਾਲੂਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਿਚ ਪ੍ਰਸ਼ਾਸਨ ਵਿਰੁੱਧ ਭਾਰੀ ਗ਼ੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ | ਇਸ ਠੇਕੇ ਦੇ ਬਿਲਕੁਲ ਨਜ਼ਦੀਕ ਨਵੀਂ ਫਲ ਅਤੇ ਸਬਜ਼ੀ ਮੰਡੀ ਸਥਿਤ ਹੈ, ਜਿਸ ਕਾਰਨ ਇੱਥੇ ਦਿਨ-ਰਾਤ ਆਵਾਜਾਈ ਰਹਿੰਦੀ ਹੈ | ਸਥਾਨਕ ਨਿਵਾਸੀਆਂ ਅਨੁਸਾਰ, ਸ਼ਾਮ ਹੁੰਦਿਆਂ ਹੀ ਮੰਡੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਵਲੋਂ ਇਸ ਠੇਕੇ ਦੇ ਆਸ-ਪਾਸ ਡੇਰਾ ਲਾ ਲਿਆ ਜਾਂਦਾ ਹੈ | ਇਨ੍ਹਾਂ ਪ੍ਰਵਾਸੀਆਂ ਵਿਚ ਕਈ ਵਾਰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੀ ਸ਼ਾਮਲ ਹੁੰਦੇ ਹਨ, ਜੋ ਸ਼ਰੇਆਮ ਸ਼ਰਾਬ ਦਾ ਸੇਵਨ ਕਰਦੇ ਹਨ | ਇਸ ਹੁੱਲੜਬਾਜ਼ੀ ਕਾਰਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਔਰਤ ਸ਼ਰਧਾਲੂਆਂ ਅਤੇ ਆਸ਼ਰਮ ਵਿਚ ਰਹਿਣ ਵਾਲੀਆਂ ਬੇਸਹਾਰਾ ਔਰਤਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ |