ਘਨੌਰ, 1 ਜੂਨ (ਸਰਦਾਰਾ ਸਿੰਘ ਲਾਛੜੂ)-ਨੇੜਲੇ ਪਿੰਡ ਲੋਹਾਖੇੜੀ ਵਿਖੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬਸਾਂਝਾ ਦਰਬਾਰ ‘‘ਦਰਬਾਰ ਰਹਿਮਤਾਂ ਦਾ’’ ਵਿਖੇ ਸਾਲਾਨਾ ਮੇਲਾ ਅਤੇ ਭੰਡਾਰਾ 4 ਜੂਨ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਸੰਬੰਧੀ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਆਗੂਆਂ ਗੁਰਨਾਮ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਕਰਨਜੋਤ, ਮਲਕੀਤ ਕਾਲਾ ਠੇਕੇਦਾਰ ਨੇ ਦੱਸਿਆ ਕਿ ਮੇਲੇ ਮੌਕੇ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਗੁਰਵਿੰਦਰ ਗੰਗਾ ਜਾਖ਼ਲ, ਕੇ.ਪੀ. ਕੀਰਤ ਪਵਾਲਾ, ਸਵੀਤਾ ਮਿਊਜ਼ੀਕਲ ਗਰੁੱਪ ਅਤੇ ਸੂਫ਼ੀ ਗਾਇਕ ਇੰਦਰ ਗਰੇਵਾਲ ਸਣੇ ਵੱਖ-ਵੱਖ ਕਲਾਕਾਰ-ਫਨਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਉਨਾਂ ਦੱਸਿਆ ਕਿ ਇਹ ਮੇਲਾ ਸਵੇਰੇ 9 ਵਜੇ ਤੋਂ ਦੇਰ ਰਾਤ ਤੱਕ ਚੱਲੇਗਾ। ਇਸ ਮੌਕੇ ਨੀਲਮ ਹਸਪਤਾਲ ਰਾਜਪੁਰਾ ਵਲੋਂ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਡਾ. ਵੀ.ਪੀ. ਸਿੰਘ ਐਮ.ਬੀ.ਬੀ.ਐਸ. (ਐਮ.ਐਸ. ਸਰਜਰੀ) ਵਲੋਂ ਵੀ ਮੁਫ਼ਤ ਸਰਜੀਕਲ ਕੈਂਪ ਲਗਾਇਆ ਜਾਵੇਗਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਮੇਲੇ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਫਲਦਾਰ ਤੇ ਛਾਂਦਾਰ ਰੁੱਖਾਂ ਦੇ ਬੂਟੇ ਅਤੇ ਪੰਛੀਆਂ ਦੇ ਦਾਣੇ-ਪਾਣੀ ਲਈ ਮਿੱਟੀ ਦੇ ਬਰਤਨ ਕਸੋਰੇ ਵੀ ਵੰਡੇ ਜਾਣਗੇ। ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰਨਗੀਆਂ ਅਤੇ ਲੰਗਰ ਅਤੁੱਟ ਵਰਤੇਗਾ।