ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਮਾਤਾ ਗੁਜਰੀ ਸਹਾਰਾ ਟਰੱਸਟ ਵਲੋਂ ਗੁਰਦੁਆਰਾ ਦੁੱਖ ਭੰਜਨ ਸਾਹਿਬ, ਪਿੰਡ ਕੱਲਰਭੈਣੀ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਵਿਸ਼ੇਸ਼ ਸਮਾਗਮ ਸ਼ੋ੍ਰਮਣੀ ਭਗਤ ਰਵਿਦਾਸ ਦੇ 650 ਸਾਲਾ ਪ੍ਰਕਾਸ਼ ਦਿਹਾੜੇ, ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ, ਸ੍ਰੀ ਅੰਮਿ੍ਤਸਰ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ, ਜੂਨ 1984 ਦੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅਤੇ ਸੰਤ ਬਾਬਾ ਭਗਵਾਨ ਸਿੰਘ ਦੀ ਮਿੱਠੀ ਯਾਦ ਵਿਚ ਉਚੇਚੇ ਤੌਰ 'ਤੇ ਕਰਵਾਇਆ ਗਿਆ | ਜਿੱਥੇ ਅਲੌਕਿਕ ਦੀਵਾਨ ਸਜਾਏ ਗਏ ਅਤੇ ਗੁਰੂ ਦੀਆਂ ਸੰਗਤਾਂ ਨੇ ਬੜੀ ਹੀ ਸ਼ਰਧਾ ਤੇ ਇਕਾਗਰਤਾ ਨਾਲ ਹਾਜ਼ਰੀ ਭਰੀ | ਇਸ ਦੌਰਾਨ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸੰਗਤਾਂ ਨੂੰ ਇਤਿਹਾਸ ਦੇ ਉਸ ਦਰਦਨਾਕ ਦੌਰ ਤੋਂ ਜਾਣੂ ਕਰਵਾਇਆ ਗਿਆ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਬੀ ਸੋਹਣਜੀਤ ਕੌਰ 1995 ਤੋਂ ਸਿੱਖ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਤੇ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਕੰਮ ਕਰ ਰਹੇ ਹਨ ਅਤਾ ਵੱਡੀ ਗਿਣਤੀ 'ਚ ਇਨ੍ਹਾਂ ਨੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਪੈਰਾਂ ਸਿਰ ਕੀਤਾ | ਇਸ ਵਿਚ ਬਾਬਾ ਨਛੱਤਰ ਸਿੰਘ ਤੇ ਹੋਰਾਂ ਦਾ ਵੱਡਾ ਯੋਗਦਾਨ ਹੈ | ਸਮਾਪਤੀ ਉਪਰੰਤ ਪ੍ਰਬੰਧਕਾਂ ਵਲੋਂ ਗੁਰੂ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਜਗਮੀਤ ਸਿੰਘ ਹਰਿਆਊ, ਗੁਰਧਿਆਨ ਸਿੰਘ ਭਾਨਰੀ, ਗੁਰਵਿੰਦਰ ਸਿੰਘ ਦੁਧੜ, ਬਾਬਾ ਬੂਟਾ ਸਿੰਘ ਸਰਪੰਚ ਗੋਸਾ ਕੱਲਰ ਭੈਣੀ, ਹਰਨੈਲ ਸਿੰਘ, ਕਰਮਜੀਤ ਸਿੰਘ ਮੈਣ, ਮਨਪ੍ਰੀਤ ਸਿੰਘ ਸਵਾਜਪੁਰ ਆਦਿ ਹਾਜ਼ਰ ਸਨ |