ਪਟਿਆਲਾ, 12 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਪ੍ਰਸਿੱਧ ਅੰਤਰਰਾਸ਼ਟਰੀ ਲੋਕ ਨਾਚ ਕਲਾਕਾਰ ਅਮਰਿੰਦਰ ਸਿੰਘ ਦਾ ਨਾਮ ਭਾਰਤ ਦੇ ਵੱਕਾਰੀ ਉਸਤਾਦ ਬਿਸਮਿੱਲਾ ਖ਼ਾਨ ਯੁਵਾ ਪੁਰਸਕਾਰ 2024 ਲਈ ਲੋਕ ਨਾਚਾਂ ਦੀ ਸ਼ੇ੍ਰਣੀ ਵਿਚ ਨਾਮਜ਼ਦ ਕੀਤਾ ਗਿਆ ਹੈ | ਇਹ ਪੰਜਾਬ ਦੀ ਲੋਕ ਕਲਾ ਅਤੇ ਸਭਿਆਚਾਰਕ ਵਿਰਾਸਤ ਲਈ ਮਾਣ ਵਾਲੀ ਪ੍ਰਾਪਤੀ ਮੰਨੀ ਜਾ ਰਹੀ ਹੈ | ਪਟਿਆਲਾ ਦੇ ਕਸਬੇ ਭੁੱਨਰਹੇੜੀ ਦੇ ਜੰਮਪਲ ਅਮਰਿੰਦਰ ਸਿੰਘ ਨੇ ਦੇਸ ਅਤੇ ਵਿਦੇਸ਼ ਦੇ ਕਈ ਸਭਿਆਚਾਰਕ ਮੰਚਾਂ 'ਤੇ ਪੰਜਾਬੀ ਲੋਕ ਨਾਚ ਅਤੇ ਲੋਕ ਸਭਿਆਚਾਰ ਦੀ ਸਫਲ ਪੇਸ਼ਕਾਰੀ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ | ਉਹ ਲੰਬੇ ਸਮੇਂ ਤੋਂ ਪੰਜਾਬ ਦੀ ਲੋਕ ਕਲਾ, ਵਿਰਾਸਤ ਅਤੇ ਪਰੰਪਰਾਗਤ ਨਾਚ ਰੂਪਾਂ ਦੀ ਪ੍ਰਫੁੱਲਤਾ ਅਤੇ ਪ੍ਰਚਾਰ ਲਈ ਯਤਨਸ਼ੀਲ ਹਨ | ਅਮਰਿੰਦਰ ਸਿੰਘ ਦੀ ਇਹ ਨਾਮਜ਼ਦਗੀ ਨਾਲ ਨਾ ਸਿਰਫ਼ ਉਨ੍ਹਾਂ ਦੀ ਕਲਾ ਯਾਤਰਾ ਨੂੰ ਮਾਨਤਾ ਮਿਲੀ ਹੈ, ਸਗੋਂ ਇਹ ਪੰਜਾਬੀ ਲੋਕ ਨਾਚ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਿਲ ਰਹੇ ਸਨਮਾਨ ਦਾ ਵੀ ਪ੍ਰਤੀਕ ਹੈ | ਸਭਿਆਚਾਰਕ ਅਤੇ ਕਲਾਤਮਕ ਖੇਤਰ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਉਪਲਬਧੀ ਲਈ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ | ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨਾਮਜ਼ਦਗੀ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਉਹ ਭਵਿੱਖ ਵਿਚ ਵੀ ਪੰਜਾਬੀ ਲੋਕ ਕਲਾ ਅਤੇ ਸਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਪੇਸ਼ ਕਰਨ ਲਈ ਯਤਨਸ਼ੀਲ ਰਹਿਣਗੇ |