ਨਾਭਾ, 12 ਜੂਨ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਏਕਤਾ ਕਾਲੋਨੀ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਨੂੰ ਰਵਾਨਾ ਕਰਨ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਚੱਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਈ ਹੈ, ਜਿਸ ਨਾਲ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਸਾਡੇ ਬਜ਼ੁਰਗ ਆਪਣਾ ਜੀਵਨ ਸਫਲ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਯੋਜਨਾ ਦੀ ਸੂਬੇ ਦੇ ਲੋਕਾਂ ਵਲੋਂ ਅਥਾਹ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਬਜ਼ੁਰਗਾਂ ਵਲੋਂ ਅਸੀਸਾਂ ਦਿੱਤੀਆਂ ਜਾ ਰਹੀਆਂ ਹਨ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਵਿਰਾਸਤ ਸੇਵਾ ਸੰਗਠਨ ਦੇ ਸਟੇਟ ਸੈਕਟਰੀ ਹੋਣ ਦੇ ਨਾਤੇ ਉਹ ਮਾਲਵਾ ਈਸਟ ਜ਼ੋਨ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਦੀ ਦੇਖ ਰੇਖ ਕਰ ਰਹੇ ਹਨ ਤਾਂ ਜੋ ਯਾਤਰਾ ਤੇ ਗਏ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੇ੍ਰਸ਼ਾਨੀ ਜਾਂ ਸਮੱਸਿਆ ਨਾ ਆਵੇ | ਇਸ ਮੌਕੇ ਜਸਕਰਨਵੀਰ ਸਿੰਘ ਤੇਜੇ, ਜਸਪਾਲ ਸਿੰਘ ਮਹਿਮੀ ਪ੍ਰਧਾਨ, ਦੀਦਾਰ ਸਿੰਘ ਤੇਜੇ, ਸੁਖਜੀਤ ਸਿੰਘ ਹਾਂਸ, ਪਰਮਿੰਦਰ ਸਿੰਘ ਭੰਗੂ ਆਦਿ ਮੌਜੂਦ ਸਨ |