ਰਾਜਪੁਰਾ, 12 ਜੂਨ (ਜੀ.ਪੀ. ਸਿੰਘ)-ਨੇੜਲੇ ਪਿੰਡ ਨਲਾਸ ਵਿਖੇ ਸੈਣੀ ਸਮਾਜ ਵੈੱਲਫੇਅਰ ਕਮੇਟੀ ਸਰਕਲ ਰਾਜਪੁਰਾ ਵਲੋਂ ਕਮੇਟੀ ਦੇ ਸਰਪ੍ਰਸਤ ਸੇਵਾ-ਮੁਕਤ ਇੰਸਪੈਕਟਰ ਮਹਿੰਦਰ ਸਿੰਘ, ਪ੍ਰਧਾਨ ਜਤਿੰਦਰ ਸਿੰਘ ਰੋਮੀ, ਸਾਬਕਾ ਕੌਂਸਲਰ ਅਵਤਾਰ ਸਿੰਘ ਬਬਲਾ, ਖ਼ਜ਼ਾਨਚੀ ਦਵਿੰਦਰ ਚੌਧਰੀ ਨੀਟਾ ਦੀ ਅਗਵਾਈ ਹੇਠ ਸੈਣੀ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸੈਣੀ ਅਤੇ ਉੱਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਸ਼ਿਰਕਤ ਕੀਤੀ | ਇਸ ਸਮਾਰੋਹ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ ਵਲੋਂ ਪਿੰਡ ਨਲਾਸ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਸ਼ਿਵਲਿੰਗ ਦੀ ਪੂਜਾ ਕੀਤੀ | ਇਸ ਤੋਂ ਉਪਰੰਤ ਸੈਣੀ ਸੰਮੇਲਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਮੁੱਖ ਮੰਤਰੀ ਨਾਇਬ ਸੈਣੀ ਨੇ ਦੱਸਿਆ ਕਿ ਸੈਣੀ ਸਮਾਜ ਰਾਸ਼ਟਰ ਨੂੰ ਮਜ਼ਬੂਤ ਕਰਨ ਦੀ ਸੋਚ ਰੱਖਦਾ ਹੈ | ਉਹਨਾਂ ਕਿਹਾ ਕਿ ਜੇਕਰ ਸੈਣੀ ਸਮਾਜ ਦੇ ਇਤਿਹਾਸ ਉੱਤੇ ਝਾਤ ਮਾਰੀ ਜਾਵੇ ਤਾਂ ਇਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਜ ਦਾ ਸੈਣੀ ਸਮਾਜ ਦਾ ਇਕੱਠ ਦੇਖ ਕੇ ਉਨ੍ਹਾਂ ਨੂੰ ਖ਼ੁਸ਼ੀ ਵੀ ਹੈ ਤੇ ਇਸ ਗੱਲ ਦਾ ਭਰੋਸਾ ਵੀ ਹੈ ਕਿ ਸੈਣੀ ਸਮਾਜ ਪੂਰੀ ਤਰ੍ਹਾਂ ਇਕ-ਜੁੱਟ ਅਤੇ ਜਾਗਰੂਕ ਹੈ | ਉਹਨਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਵੀ ਸੈਣੀ ਸਮਾਜ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਉਹਨਾਂ ਕਿਹਾ ਕਿ ਸੈਣੀ ਸਮਾਜ ਇਕ ਮਿਹਨਤੀ ਸਮਾਜ ਹੈ ਜੋ ਕਿ ਆਪਣੀ ਮਿਹਨਤ ਅਤੇ ਆਪਣੇ ਬਲਬੂਤੇ ਉੱਤੇ ਵੱਡੇ ਵੱਡੇ ਅਹੁਦਿਆਂ 'ਤੇ ਰਹਿ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ | ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਗ਼ਰੀਬਾਂ ਤੇ ਜ਼ਰੂਰਤਮੰਦਾਂ ਦੀ ਦਿਲੋਂ ਮਦਦ ਕਰ ਰਹੀ ਹੈ | ਜੇਕਰ ਪੰਜਾਬ ਸੂਬੇ ਅੰਦਰ ਭਾਜਪਾ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ, ਗਰੀਬ ਲੋਕਾਂ ਦੀ ਲਈ ਆਟਾ ਦਾਲ ਸਕੀਮ ਤੋਂ ਇਲਾਵਾ ਉਹਨਾਂ ਨੂੰ ਬਣਦੇ ਹੱਕ ਦਿਵਾਏ ਜਾਣਗੇ | ਇਸ ਦੌਰਾਨ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਕਿਹਾ ਕਿ ਸੈਣੀ ਸਮਾਜ ਨੂੰ ਆਪਣੀ ਆਵਾਜ਼ ਬੁਲੰਦ ਕਰਨ ਅਤੇ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸੈਣੀ ਸਮਾਜ ਵੈੱਲਫੇਅਰ ਕਮੇਟੀ ਰਾਜਪੁਰਾ ਵੱਲੋਂ ਮੁੱਖ ਮਹਿਮਾਨ ਨਾਇਬ ਸਿੰਘ ਸੈਣੀ ਅਤੇ ਹੋਰਨਾਂ ਮਹਿਮਾਨਾਂ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੋਨੰੂ ਸੈਣੀ ਬਨੂੜ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਬਿੱਟੂ, ਅਮਨ ਸੈਣੀ ਸਰਪੰਚ ਪਿੰਡ ਨਲਾਸ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਉੱਪਲਹੇੜੀ, ਕੁਲਵਿੰਦਰ ਸਿੰਘ ਬੀਟਾ, ਜੋਰਾਵਰ ਸਿੰਘ ਸੈਣੀ, ਸਿਮਰਨਜੀਤ ਸਿੰਘ ਉਪਲਹੇੜੀ, ਸਮੇਤ ਸੈਣੀ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਹਾਜ਼ਰ ਸਨ |