ਪਟਿਆਲਾ, 14 ਜੂਨ (ਧਰਮਿੰਦਰ ਸਿੰਘ ਸਿੱਧੂ)-ਫ਼ਰਦ ਕੇਂਦਰ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪਟਿਆਲਾ ਇਕਾਈ ਦੀ ਅਹਿਮ ਮੀਟਿੰਗ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਭਗ 65,048 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਮਾਲ ਰਿਕਾਰਡ ਵਿਭਾਗ ਵਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਫ਼ਰਦ ਕੇਂਦਰਾਂ ਦੇ ਕੱਚੇ ਮੁਲਾਜਮਾਂ ਦਾ ਡਾਟਾ ਪਰਸੋਨਲ ਵਿਭਾਗ ਨਾਲ ਸਾਂਝਾ ਨਹੀਂ ਕੀਤਾ ਗਿਆ | ਇਸ ਦੀ ਬਜਾਏ ਉੱਚ ਅਧਿਕਾਰੀਆਂ ਵਲੋਂ ਮੁਲਾਜਮਾਂ ਨੂੰ ਕਿਸੇ ਕੰਪਨੀ ਹੇਠ ਜੁਆਇਨ ਕਰਵਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਵਿਚ ਫਸਾ ਕੇ ਭਵਿੱਖ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਮਾਲ ਵਿਭਾਗ ਦੇ ਕੁਝ ਉੱਚ ਅਧਿਕਾਰੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਮਨਮਰਜ਼ੀ ਵਾਲਾ ਰਵੱਈਆ ਅਪਣਾ ਰਹੇ ਹਨ, ਜਿਸ ਨਾਲ ਸਰਕਾਰ ਦੇ ਫ਼ੈਸਲੇ ਦੀ ਫੂਕ ਨਿਕਲ ਰਹੀ ਹੈ | ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਹਫ਼ਤੇ ਦੇ ਅੰਦਰ ਮਾਲ ਵਿਭਾਗ ਵਲੋਂ ਸਰਕਾਰ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ |