ਪਟਿਆਲਾ, 14 ਜੂਨ (ਮਨਦੀਪ ਸਿੰਘ ਖਰੌੜ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਆਪਣੇ ਗ੍ਰਹਿ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੌਰਾਨ ਹੋਏ ਵੱਡੇ ਇਕੱਠ ਨੂੰ ਹਲਕਾ ਸਨੌਰ 'ਚ ਸਿਆਸਤ ਗਰਮਾ ਦਿੱਤੀ ਹੈ | ਭਾਵੇਂ ਕਿ ਇਸ ਸਮਾਗਮ ਨੂੰ ਵਿਧਾਇਕ ਪਠਾਣਮਾਜਰਾ ਵਲੋਂ ਗੁਰੂ ਦੇ ਸ਼ੁਕਰਾਨਾ ਵਜੋਂ ਕਰਵਾਉਣ ਸੰਬੰਧੀ ਦੱਸਿਆ ਗਿਆ ਹੈ ਪਰ ਇਸ ਮੌਕੇ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਉੱਥੇ ਹਾਜ਼ਰੀ ਨੂੰ ਦੇਖਦੇ ਹੋਏ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਇਕੱਠ ਨੇ ਹਲਕਾ ਸਨੌਰ ਦੀ ਸਿਆਸਤ 'ਚ ਪਾਰਟੀਆਂ ਵਲੋਂ ਲਗਾਏ ਗਏ ਜੋੜ ਤੋੜ ਨੂੰ ਹਿਲਾ ਦਿੱਤਾ ਹੈ | ਹਾਲਾਂਕਿ ਹਾਲੇ ਤੱਕ ਵਿਧਾਇਕ ਪਠਾਣਮਾਜਰਾ ਵਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਹੜੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ 2027 ਦੀਆਂ ਚੋਣਾਂ ਲੜਨਗੇ | ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦਾ ਸਾਰੀਆਂ ਪਾਰਟੀਆਂ ਨਾਲ ਸਹਿਚਾਰ ਹੈ | ਇਸ ਸਮਾਗਮ 'ਚ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ, ਸ਼ੋ੍ਰਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ, 'ਆਪ' ਆਗੂ ਸੁਰਜੀਤ ਸਿੰਘ ਰੱਖੜਾ, ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਸ਼ਾਮਲ ਹੋਏ | ਵਿਧਾਇਕ ਪਠਾਣਮਾਜਰਾ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਬੋਲਣ ਤੋਂ ਬਾਅਦ ਹਲਕਾ ਸਨੌਰ 'ਚ ਭਾਵੇਂ 'ਆਪ' ਵਲੋਂ ਰਣਜੋਧ ਸਿੰਘ ਹਡਾਣਾ ਨੂੰ ਇੰਚਾਰਜ ਲਗਾਇਆ ਗਿਆ ਹੈ | ਦੂਜੇ ਪਾਸੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਮੀਡੀਆ 'ਚ ਇਹ ਕਿਹਾ ਗਿਆ ਕਿ ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਦੇ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਤਾਂ ਉਹ 'ਆਪ' ਪਾਰਟੀ ਵਲੋਂ ਚੋਣ ਲੜ ਸਕਦੇ ਹਨ |