ਸਨੌਰ, 15 ਜੂਨ (ਮੋਹਣ ਸਿੰਘ ਭੱਟੀ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਫ਼ਤਰ ਇੰਚਾਰਜ ਜਸਬੀਰ ਸਿੰਘ ਗਾਂਧੀ ਨੇ ਆਪਣਾ ਜਨਮ ਦਿਨ ਨਿਵੇਕਲੇ ਅਤੇ ਮਾਨਵਤਾਵਾਦੀ ਰੰਗ ਵਿੱਚ ਮਨਾਇਆ | ਇਸ ਸ਼ੁੱਭ ਮੌਕੇ 'ਤੇ ਉਹ ਸਨੌਰ ਰੋਡ 'ਤੇ ਸਥਿਤ ਪ੍ਰਸਿੱਧ ਸਮਾਜ ਸੇਵੀ ਸੰਸਥਾ ਪਿੰਗਲਾ ਆਸ਼ਰਮ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਸ਼ਰਮ ਵਿੱਚ ਰਹਿ ਰਹੇ ਬੇਸਹਾਰਾ ਮਰੀਜ਼ਾਂ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ |ਆਸ਼ਰਮ ਫੇਰੀ ਦੌਰਾਨ ਜਸਬੀਰ ਸਿੰਘ ਗਾਂਧੀ ਨੇ ਉੱਥੇ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਨੂੰ ਫਲ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਭੇਟ ਕੀਤੀਆਂ | ਇਸ ਦੇ ਨਾਲ ਹੀ ਉਨ੍ਹਾਂ ਨੇ ਆਸ਼ਰਮ ਦੇ ਸੁਚਾਰੂ ਪ੍ਰਬੰਧਾਂ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਆਪਣੀ ਨੇਕ ਕਮਾਈ ਵਿਚੋਂ ਨਕਦ ਮਾਲੀ ਸਹਾਇਤਾ ਦੇ ਕੇ ਵੀ ਯੋਗਦਾਨ ਪਾਇਆ |ਇਸ ਮੌਕੇ ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਨੇ ਜਸਬੀਰ ਸਿੰਘ ਗਾਂਧੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਮਾਜ ਦੇ ਪਤਵੰਤੇ ਸੱਜਣਾਂ ਵੱਲੋਂ ਅਜਿਹਾ ਯੋਗਦਾਨ ਪਾਉਣਾ ਬੇਸਹਾਰਾ ਲੋਕਾਂ ਲਈ ਵੱਡਾ ਸਹਾਰਾ ਬਣਦਾ ਹੈ | ਸੰਤ ਬਾਬਾ ਬਲਬੀਰ ਸਿੰਘ ਵੱਲੋਂ ਸਮਾਜ ਸੇਵਾ ਵਿੱਚ ਪਾਏ ਇਸ ਵਡਮੁੱਲੇ ਯੋਗਦਾਨ ਲਈ ਜਸਬੀਰ ਸਿੰਘ ਗਾਂਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ |ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਜ਼ਦੀਕੀ ਸਾਥੀ ਲਾਲ ਸਿੰਘ ਅਤੇ ਪ੍ਰਦੀਪ ਸ਼ਰਮਾ (ਲੈਕਚਰਾਰ) ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਆਸ਼ਰਮ ਵਿਖੇ ਸੇਵਾ ਕਾਰਜਾਂ ਵਿੱਚ ਹਿੱਸਾ ਲਿਆ |