ਪਟਿਆਲਾ, 18 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਖਾਸਮ ਖਾਸ ਮੰਨੇ ਜਾਂਦੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਐਮ.ਐਲ.ਏ. ਮਨਪ੍ਰੀਤ ਸਿੰਘ ਇਯਾਲੀ ਅਤੇ ਖਡੂਰ ਸਾਹਿਬ ਦੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਹਾਜ਼ਰੀ ਵਿਚ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਲ ਹੋ ਗਏ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਲੌਟ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਥਕ ਸੋਚ ਦੇ ਧਾਰਨੀ ਪੰਜਾਬ ਦਾ ਭਲਾ ਚਾਹੁਣ ਵਾਲੇ ਤੇ ਸਮੁੱਚੀ ਕੌਮ ਦੀ ਚੜ੍ਹਦੀਕਲਾ ਦੀ ਸੋਚਣ ਵਾਲੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਸਾਡਾ ਕਾਫਲਾ ਲੰਬਾ ਹੁੰਦਾ ਜਾ ਰਿਹਾ ਹੈ ਤੇ ਸੰਗਤ ਵਿਚ ਪਾਰਟੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਮੇਤ ਵੱਖ-ਵੱਖ ਪੰਥਕ ਧਿਰਾਂ ਨਾਲ ਗੱਲਬਾਤ ਚਲ ਰਹੀ ਹੈ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕ ਮੰਚ ’ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਥਕ ਆਗੂਆਂ ਨੇ ਇਕਜੁੱਟਤਾ ਨਾ ਵਿਖਾਈ ਤਾਂ ਫਿਰ ਸਮੁੱਚਾ ਪੰਥ ਇਕ ਪਾਸੇ ਹੋ ਕੇ ਤੁਰ ਪਵੇਗਾ ਜਿਵੇਂ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਵਿਚ ਲੋਕ ਸਭਾ ਚੋਣਾਂ ਦੌਰਾਨ ਹੋਇਆ ਸੀ ਤੇ ਫਿਰ ਪੰਥਕ ਆਗੂਆਂ ਨੂੰ ਮਜਬੂਰੀ ਵੱਸ ਪੰਥ ਦਾ ਹੁਕਮ ਮੰਨਣਾ ਪਵੇਗਾ। ਆਦੇਸ਼ ਪ੍ਰਤਾਪ ਕੈਰੋਂ ਦੇ ਉਨ੍ਹਾਂ ਦੀ ਪਾਰਟੀ ਸਰਗਰਮ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵੇਲੇ ਆਦੇਸ਼ ਪ੍ਰਤਾਪ ਕੈਰੋਂ ਸਾਡੇ ਨਾਲ ਨਹੀਂ ਪਰ ਸਾਡੀ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਲੋਕ ਸਭਾ ਚੋਣਾਂ ਵਿਚ ਆਦੇਸ਼ ਪ੍ਰਤਾਪ ਕੈਰੋਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਡੱਟ ਕੇ ਮਦਦ ਕੀਤੀ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਖ ਮੰਤਰੀ ਅਹੁਦੇ ਦਾ ਚੇਹਰਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਉਨ੍ਹਾਂ ਦਾ ਨਾਮ ਐਲਾਨ ਹੋਇਆ ਹੈ। ਜਦੋਂ ਪੁੱਛਿਆ ਕਿ ਕੀ ਮਨਪ੍ਰੀਤ ਇਯਾਲੀ ਡਿਪਟੀ ਸੀ.ਐਮ. ਹੋਣਗੇ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਇਕ ਦਲਿਤ ਤੇ ਇਕ ਹਿੰਦੂ ਚੇਹਰਾ ਡਿਪਟੀ ਸੀ.ਐਮ. ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੋਲੀ, ਗੁਰਪ੍ਰੀਤ ਸਿੰਘ ਬਾਰਨ, ਰਾਜਵੰਤ ਕੌਰ ਘੜਾਮ, ਸੁਖਬੀਰ ਸਿੰਘ ਬਲਬੇੜਾ, ਨਿਸ਼ਾਨ ਸਿੰਘ ਸਿੱਧੂ, ਤੇਜਿੰਦਰ ਸਿੰਘ ਤੇਜੀ, ਗੁਰਚਰਨ ਸਿੰਘ ਸੇਹਰਾ, ਜੋਗਿੰਦਰ ਸਿੰਘ ਜਗਤਪੁਰਾ, ਪਰਗਟ ਸਿੰਘ ਮਨਜੀਤ ਨਗਰ, ਚਮਕੌਰ ਸਿੰਘ ਉਪੱਲ, ਤਰਵਿੰਦਰ ਸਿੰਘ ਜੌਹਰ, ਕੇਸਰ ਸਿੰਘ ਸਰਾਭਾ ਨਗਰ, ਜਸਪਾਲ ਸਿੰਘ ਨਿਰਮਾਣ, ਜਸਦੀਪ ਸਿੰਘ ਹਨੀ, ਜਸਵੰਤ ਸਿੰਘ ਸਿੰਬੜੋ, ਮਨਜੀਤ ਸਿੰਘ ਲੋਟ, ਬਲਬੀਰ ਸਿੰਘ ਭੰਗੂ, ਰਾਜਿੰਦਰ ਸਿੰਘ ਰੋਹਟੀ, ਅਮਰੀਕ ਸਿੰਘ ਅਜਨੌਦਾ, ਜਸਵੰਤ ਸਿੰਘ ਅਕੌਤ, ਗੁਰਜੰਟ ਸਿੰਘ ਇੱਛੇਵਾਲ, ਅਵਤਾਰ ਸਿੰਘ ਇੱਛੇਵਾਲ, ਜਰਨੈਲ ਸਿੰਘ ਆਨੰਦ ਨਗਰ, ਕੁਲਵੰਤ ਸਿੰਘ ਸ਼ਕਤੀਮਾਨ, ਜਸਪਾਲ ਸਿੰਘ ਖਰੌੜ ਚਲੈਲਾ, ਅਮਰਜੀਤ ਚੋਪੜਾ, ਐਡਵੋਕੇਟ ਰਣਧੀਰ ਸਿੰਘ, ਦਵਿੰਦਰ ਸਿੰਘ ਸ਼ਾਹ, ਕੇਸਰ ਸਿੰਘ ਲੁਬਾਣਾ ਤੇ ਹੋਰ ਪਤਵੰਤੇ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਹੋਏ ਸ਼ਾਮਿਲ
ਅਜੀਤ ਡੈਸਕ
19-06-2026