ਦੇਵੀਗੜ੍ਹ, 21 ਜੂਨ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ. 5 ਬਟਾਲੀਅਨ ਪਟਿਆਲਾ ਵਲੋਂ 12ਵਾਂ ਕੌਮਾਂਤਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦੀ ਅਗਵਾਈ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਅਤੇ ਪ੍ਰਧਾਨ ਰਵਿੰਦਰ ਕੌਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸਵੇਰੇ ਕੀਤੀ ਗਈ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਐਨ.ਸੀ.ਸੀ. ਕੈਡਿਟਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਯੋਗ ਦਿਵਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਭਾਰਤੀ ਸੰਸਕ੍ਰਿਤੀ ਦੇ ਇਸ ਅਨਮੋਲ ਵਿਰਸੇ ਨਾਲ ਜੋੜਨਾ ਸੀ। ਕੈਡਿਟਾਂ ਨੇ ਯੋਗਾ ਮੈਡਮ ਲਖਵਿੰਦਰ ਕੌਰ ਦੀ ਦੇਖ-ਰੇਖ ਵਿਚ ਸੂਰਜ ਨਮਸਕਾਰ, ਪ੍ਰਾਣਾਯਾਮ, ਅਤੇ ਵੱਖ-ਵੱਖ ਆਸਣਾਂ ਦਾ ਅਭਿਆਸ ਕੀਤਾ। ਸਕੂਲ ਦੀ ਪ੍ਰਿੰਸੀਪਲ ਪੂਨਮ ਧੀਮਾਨ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਯੋਗ ਕੇਵਲ ਕਸਰਤ ਨਹੀਂ, ਸਗੋਂ ਇਹ ਜੀਵਨ ਜਿਊਣ ਦਾ ਇਕ ਅਨੁਸ਼ਾਸਿਤ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਦੌੜ ਭਰੇ ਯੁੱਗ ਵਿਚ, ਜਿੱਥੇ ਵਿਦਿਆਰਥੀ ਮਾਨਸਿਕ ਤਣਾਅ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਯੋਗ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਮਾਨਸਿਕ ਤੌਰ ’ਤੇ ਇਕਾਗਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਐਨ.ਸੀ.ਸੀ. ਕੈਡਿਟਾਂ ਦੁਆਰਾ ਅੱਜ ਕੀਤਾ ਗਿਆ ਇਹ ਅਭਿਆਸ ਉਨ੍ਹਾਂ ਦੀ ਸਰੀਰਕ ਸਹਿਣਸ਼ੀਲਤਾ ਅਤੇ ਮਾਨਸਿਕ ਮਜ਼ਬੂਤੀ ਨੂੰ ਦਰਸਾਉਂਦਾ ਹੈ। ਨਿਰਦੇਸ਼ਕ ਭੁਪਿੰਦਰ ਸਿੰਘ ਅਤੇ ਪ੍ਰਧਾਨ ਰਵਿੰਦਰ ਕੌਰ ਨੇ ਸਾਰੇ ਭਾਗ ਲੈਣ ਵਾਲੇ ਕੈਡਿਟਾਂ ਅਤੇ ਐਨ.ਸੀ.ਸੀ. 5 ਬਟਾਲੀਅਨ ਪਟਿਆਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ, ਸਗੋਂ ਉਨ੍ਹਾਂ ਨੂੰ ਇਕ ਬਿਹਤਰ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਲੋਂ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ। ਇਸ ਦੌਰਾਨ ਐਨ.ਸੀ.ਸੀ. ਦੇ ਕੋਚ ਕੇਸ਼ਵ ਕਾਂਤ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਯੋਗ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਕੈਡਿਟਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਪ੍ਰਣ ਵੀ ਦਿਵਾਇਆ ਗਿਆ। ਇਸ ਮੌਕੇ ਪੂਰੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਕੂਲ ਕੈਂਪਸ ਯੋਗਮਈ ਮਾਹੌਲ ਨਾਲ ਗੂੰਜ ਉੱਠਿਆ। ਇਸ ਮੌਕੇ ਕਵਲਜੀਤ ਕੌਰ, ਕੋਚ ਹਰਦੀਪ ਕੁਮਾਰ ਅਤੇ ਮੈਡਮ ਰਾਜਵਿੰਦਰ ਕੌਰ ਹਾਜਰ ਸਨ।