ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਦੀ ਰਹਿਨੁਮਾਈ ਹੇਠ ਮਾਈ ਭਾਗੋ ਆਯੂਰਵੈਦਿਕ ਮੈਡੀਕਲ ਕਾਲਜ ਲੜਕੀਆਂ ਹਸਪਤਾਲ ਵਿਖੇ ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਯੋਗ ਅਭਿਆਸ ਵਿਚ ਭਾਗ ਲਿਆ। ਯੋਗ ਮਾਹਿਰਾਂ ਵਲੋਂ ਵੱਖ-ਵੱਖ ਯੋਗ ਆਸਨ ਅਤੇ ਪ੍ਰਾਣਾਯਾਮ ਕਰਵਾਏ ਗਏ ਅਤੇ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਤਨਵੀ ਅਗਰਵਾਲ ਨੇ ਨੌਜਵਾਨਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਵਾਈਸ ਪ੍ਰਿੰਸੀਪਲ ਨਵੀਨ ਕੁਮਾਰ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਈ ਭਾਰਤ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਨਿਯਮਿਤ ਤੌਰ ’ਤੇ ਯੋਗ ਕਰਨ ਅਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਪਹੁੰਚੇ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਨੂਜ, ਡਾ. ਅੰਕੁਰ, ਡਾ. ਰਕੇਸ਼ ਮਿੱਤਲ, ਡਾ. ਸ਼ੁਭਮ, ਰਾਧਿਕਾ, ਜਸਪ੍ਰੀਤ ਕੌਰ ਯੋਗਾ ਟਰੇਨਰ, ਸੁਪਰਡੈਂਟ ਈਸ਼ਵਰ ਗੋਇਲ, ਡਾ. ਅਨੂ, ਬਬਲੀ ਜਨੇਜਾ, ਡਾ. ਮੋਨਿਕਾ, ਡਾਕਟਰ ਬਰਿੰਦਰ ਜੀਤ ਸਿੰਘ, ਦਫ਼ਤਰ ਸਹਾਇਕ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।