ਨਾਭਾ, 21 ਜੂਨ (ਵਰਿੰਦਰ ਵਰਮਾ)-ਸਥਾਨਕ ਡੇ-ਕੇਅਰ ਸੈਂਟਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਯੋਗਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ, ਦਰਸ਼ਨ ਸਿੰਘ, ਗੁਰਜਿੰਦਰ ਸਿੰਘ, ਬਲਜੀਤ ਸਿੰਘ ਪ੍ਰਿੰਸ, ਮਲਕੀਤ ਸਿੰਘ, ਅਮਰਜੀਤ ਸਿੰਘ, ਸੁਰੇਸ਼ ਕੁਮਾਰ ਸਾਲਦੀ, ਰਵਿੰਦਰ ਕੁਮਾਰ, ਘੁੰਮਣ ਸਿੰਘ, ਗੁਰਦੀਪ ਸਿੰਘ, ਨਰਿੰਦਰ ਸ਼ਰਮਾ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਨੇ ਯੋਗਾ ਕੈਂਪ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੇਸ਼ੱਕ ਯੋਗਾ ਦਿਵਸ ਮੌਕੇ ਲੋਕਾਂ ਦੀ ਯੋਗਾ ਕਰਨ ਵਿਚ ਭਾਰੀ ਰੁਚੀ ਹੁੰਦੀ ਹੈ ਪਰ ਉਨ੍ਹਾਂ ਨੂੰ ਹਰ ਰੋਜ਼ ਯੋਗਾ ਕਰਨ ਦੀ ਆਦਤ ਪਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੀ ਸਿਹਤ ਬਿਨਾਂ ਦਵਾਈ ਤੋਂ ਠੀਕ ਰਹਿ ਸਕੇ ਖਾਸ ਕਰਕੇ ਬਜ਼ੁਰਗਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਸੰਬੰਧੀ ਜਾਣਕਾਰੀ ਸੰਸਥਾ ਦੇ ਪ੍ਰੈਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ ਨੇ ਕਿਹਾ ਕਿ ਭਾਰਤ ਨਾਲ ਯੋਗ ਦਾ ਸੰਬੰਧ ਸਾਲਾਂ ਪੁਰਾਣਾ ਹੈ। ਇੱਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਯੋਗਾ ਭਾਰਤੀ ਸੰਸਕ੍ਰਿਤੀ ਅਤੇ ਵੇਦਾਂ ਦਾ ਅਹਿਮ ਹਿੱਸਾ ਹੈ। ਅੱਜ ਜਦੋਂ ਪੂਰੀ ਦੁਨੀਆ ਯੋਗ ਦੇ ਮਹੱਤਵ ਨੂੰ ਸਮਝ ਰਹੀ ਹੈ ਤਾਂ ਇਸ ਦਾ ਸਿਹਰਾ ਭਾਰਤ ਦੇ ਯੋਗ ਗੁਰੂਆਂ ਨੂੰ ਜਾਂਦਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਯੋਗਾ ਦੁਨੀਆਂ ਭਰ ਵਿਚ ਪਹੁੰਚਿਆ। ਉਨ੍ਹਾਂ ਕਿਹਾ ਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਯੁੱਗਾਂ ਤੋਂ ਰਿਸ਼ੀ ਮੁਨੀ ਇੱਥੇ ਯੋਗ ਦਾ ਅਭਿਆਸ ਕਰਦੇ ਆਏ ਹਨ ਪਰ ਹੁਣ ਯੋਗਾ ਸਿਰਫ ਭਾਰਤ ਵਿਚ ਨਾ ਰਹਿ ਕੇ ਦੁਨੀਆ ਦੇ ਸਾਰੇ ਹਿੱਸਿਆਂ ਵਿਚ ਪਹੁੰਚ ਗਈ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਸਥਾ ਦੇ ਮੈਂਬਰ ਹਾਜ਼ਰ ਸਨ।