ਪਟਿਆਲਾ, 21 ਜੂਨ (ਮਨਦੀਪ ਸਿੰਘ ਖਰੌੜ)-ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਏ.ਆਈ.ਸੀ.ਸੀ. ਸੈਕਟਰੀ ਇੰਚਾਰਜ ਪੰਜਾਬ ਹੀਨਾ ਕਾਵਰੇ ਨਾਲ ਸਨੌਰ ਦੀ ਰਾਜਨੀਤੀ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ। ਇਸ ਮੌਕੇ ਗੌਰਵ ਸੰਧੂ ਨੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਹੀਨਾ ਕਾਵਰੇ ਨੂੰ ਗੌਰਵ ਸੰਧੂ ਨੇ ਸਨੌਰ ’ਚ ਕਾਂਗਰਸ ਦੀ ਸਥਿਤੀ ਦੱਸੀ ਅਤੇ ਉਨ੍ਹਾਂ ਵਲੋਂ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ। ਸੰਧੂ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਪਾਰਟੀ ਸਨੌਰ ਤੋਂ ਜਿੱਤ ਹਾਸਲ ਕਰ ਸਕਦੀ ਹੈ ਪਰੰਤੂ ਕਾਫ਼ੀ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਉਨ੍ਹਾਂ ਦੇ ਨਾਲ ਹੈ ਅਤੇ ਉਹ ਕਾਂਗਰਸ ਪਾਰਟੀ ਨੂੰ ਜਿੱਤਦਾ ਦੇਖਣਾ ਚਾਹੁੰਦੇ ਹਨ। ਇਸ ਮੌਕੇ ਹੀਨਾ ਕਾਵਰੇ ਨੇ ਗੌਰਵ ਸੰਧੂ ਨਾਲ ਵਿਚਾਰਾਂ ਤੋਂ ਬਾਅਦ ਆਉਂਦੇ ਦਿਨਾਂ ’ਚ ਲੋੜੀਂਦੇ ਕਦਮ ਚੁੱਕਣ ਦੀ ਗੱਲ ਆਖੀ।