ਸ਼ੰਭੂ ਬੰਬ ਧਮਾਕਾ ਮਾਮਲੇ ’ਚ ਪੁਲਿਸ ਟੀਮਾਂ ਪਹੁੰਚੀਆਂ ਮਾਝੇ
ਪਟਿਆਲਾ, 21 ਜੂਨ (ਮਨਦੀਪ ਸਿੰਘ ਖਰੌੜ)-ਸ਼ੰਭੂ ਬੰਬ ਧਮਾਕੇ ’ਚ ਮਲੇਸ਼ੀਆ ਤੋਂ ਪੈਸਾ ਭੇਜਣ ਦੇ ਮਾਮਲੇ ’ਚ ਦੋ ਮੁਲਜ਼ਮ ਸੀ.ਆਈ.ਏ. ਪਟਿਆਲਾ ਕੋਲ ਪੁਲਿਸ ਰਿਮਾਂਡ ’ਤੇ ਚੱਲ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਮਿਲੇ ਸੁਰਾਗਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਦੀਆਂ ਟੀਮਾਂ ਮਾਝਾ ’ਚ ਕਈ ਥਾਈਂ ਛਾਪੇਮਾਰੀ ਕਰਨ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨਾਲ ਰਹਿੰਦਾ ਮਲੇਸ਼ੀਆ ’ਚ ਇਕ ਵਿਅਕਤੀ ਪੰਜਾਬ ਲਿਆਉਣ ਲਈ ਪੁਲਿਸ ਵਲੋਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਿਛਲੇ ਦਿਨੀਂ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਨੂੰ ਮਲੇਸ਼ੀਆ ਪੁਲਿਸ ਨੇ ਪਟਿਆਲਾ ਪੁਲਿਸ ਨੂੰ ਸੌਂਪਿਆ ਸੀ। ਧਮਾਕਾ ਤੋਂ ਇਕ ਦਿਨ ਪਹਿਲਾਂ ਉਨਾਂ ਨਾਲ ਰਹਿੰਦਾ ਇਕ ਵਿਅਕਤੀ ਜੁਝਾਰ ਸਿੰਘ ਉਕਤ ਮੁਲਜ਼ਮਾਂ ਤੋਂ ਮਲੇਸ਼ੀਆ ’ਚ ਵੱਖ ਹੋ ਗਿਆ ਸੀ ਉਸ ਦੀ ਗਿ੍ਰਫ਼ਤਾਰੀ ਲਈ ਵੀ ਪਟਿਆਲਾ ਪੁਲਿਸ ਮਲੇਸ਼ੀਆ ਸਰਕਾਰ ਅਤੇ ਪੁਲਿਸ ਨਾਲ ਸੰਪਰਕ ’ਚ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਉਕਤ ਮੁਲਜ਼ਮ ਨੂੰ ਵੀ ਪਟਿਆਲਾ ਲੈ ਕੇ ਆਇਆ ਜਾਵੇਗਾ। ਸ਼ੰਭੂ ਬੰਬ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦੀ ਸੰਸਥਾ ਨਾਲ ਕਿਹੜੇ-ਕਿਹੜੇ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਸੀ ਇਨਾਂ ਸਾਰਿਆਂ ਦੀ ਭੂਮਿਕਾ ਸੰਬੰਧੀ ਵੀ ਪੁਲਿਸ ਟੀਮਾਂ ਪੜਤਾਲ ਕਰ ਰਹੀਆਂ ਹਨ। ਪਰ ਹਾਲੇ ਤਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਸੰਬੰਧੀ ਚੁੱਪੀ ਨਹੀਂ ਤੋੜੀ ਕਿ ਪੁਲਿਸ ਟੀਮਾਂ ਮਾਝੇ ’ਚ ਕਿਸ ਮਕਸਦ ਨੂੰ ਲੈ ਕੇ ਛਾਪੇਮਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ 27 ਅਪ੍ਰੈਲ ਨੂੰ ਸ਼ੰਭੂ ਲਾਗੇ ਰੇਲਵੇ ਮਾਰਗ ਨੂੰ ਉਡਾਉਣ ਲਈ ਜਗਰੂਪ ਸਿੰਘ ਸਮੇਤ ਦੋ ਵਿਅਕਤੀ ਗਏ ਸੀ। ਧਮਾਕਾ ਕਰਨ ਵਾਲੇ ਜਗਰੂਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ ਅਤੇ ਪੁਲਿਸ ਨੇ ਬਾਅਦ ’ਚ ਉਸ ਦੇ ਸਾਥੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਤਰਨਤਾਰਨ ਤੋਂ ਕਾਫ਼ੀ ਧਮਾਕਾਖ਼ੇਜ਼ ਸਮਗਰੀ ਵੀ ਉਸ ਦੀ ਟੀਮ ਤੋਂ ਬਰਾਮਦ ਹੋਈ ਸੀ। ਇਸੇ ਮਾਮਲੇ ’ਚ ਜਗਰੂਪ ਸਿੰਘ ਨੂੰ ਮਲੇਸ਼ੀਆ ਤੋਂ 40 ਹਜ਼ਾਰ ਭੇਜਣ ਵਾਲੇ ਦੋ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਨ ਤੋਂ ਬਾਅਦ ਪਟਿਆਲਾ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਗਿ੍ਰਫ਼ਤਾਰ ਕੀਤਾ ਹੈ। ਉਹ ਸੀ.ਆਈ.ਏ. ਪਟਿਆਲਾ ਕੋਲ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਹਨ।
ਸ਼ੰਭੂ ਬੰਬ ਧਮਾਕਾ ਮਾਮਲੇ ’ਚ ਪੁਲਿਸ ਟੀਮਾਂ ਪਹੁੰਚੀਆਂ ਮਾਝੇ
ਅਜੀਤ ਡੈਸਕ
22-06-2026