ਪਟਿਆਲਾ, 24 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਯੂਥ ਕਾਂਗਰਸ ਚੋਣਾਂ ਵਿਚ ਨੌਜਵਾਨਾਂ ਨੇ ਕਾਂਗਰਸ ਲੀਡਰਸ਼ਿਪ ਅਤੇ ਜ਼ਮੀਨੀ ਕਾਰਕੁਨਾਂ ਉੱਤੇ ਆਪਣਾ ਭਰਪੂਰ ਵਿਸ਼ਵਾਸ ਜਤਾਉਂਦੇ ਹੋਏ ਕਈ ਨੌਜਵਾਨ ਆਗੂਆਂ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਇਆ। ਪੰਜਾਬ ਯੂਥ ਕਾਂਗਰਸ ਦੇ ਪ੍ਰਦੇਸ ਸਕੱਤਰ ਅਹੁਦੇ ਲਈ ਨਿਤਿਨ ਗੋਇਲ ਨੇ 4570 ਵੋਟਾਂ, ਸ਼ਹਿਰੀ ਪ੍ਰਧਾਨ ਅਹੁਦੇ ਲਈ ਐਡਵੋਕੇਟ ਅਭਿਨਵ ਸ਼ਰਮਾ ਨੇ 1120 ਵੋਟਾਂ, ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮਹਾਂ ਸਕੱਤਰ ਅਹੁਦੇ ਲਈ ਨਵਦੀਪ ਸਿੰਘ ਸੰਧਾ ਨੇ 1762 ਵੋਟਾਂ, ਬਲਾਕ ਲਹਿਲ ਦੇ ਪ੍ਰਧਾਨ ਅਹੁਦੇ ਲਈ ਕਰਮਪ੍ਰੀਤ ਸਿੰਘ ਮਨੀ ਨੇ 495 ਵੋਟਾਂ ਅਤੇ ਬਲਾਕ ਕਿਲ੍ਹਾ ਮੁਬਾਰਕ ਦੇ ਉਪ ਪ੍ਰਧਾਨ ਅਹੁਦੇ ਲਈ ਸ਼ਿਵੋਨ ਨੇ 553 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਨ੍ਹਾਂ ਜਿੱਤਾਂ ਦੇ ਸੰਬੰਧ ਵਿਚ ਤਨੁਜ ਮੋਦੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਾਰੇ ਜੇਤੂ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਮਰਥਕਾਂ ਅਤੇ ਕਾਰਕੁਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐਡ. ਅਭਿਨਵ ਸ਼ਰਮਾ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਸ਼ਹਿਰੀ ਪ੍ਰਧਾਨ ਚੁਣਿਆ ਜਾਣਾ ਕਾਰਕੁਨਾਂ ਅਤੇ ਨੌਜਵਾਨਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸੰਗਠਨ ਦੇ ਹਰੇਕ ਕਾਰਕੁਨ ਦੀ ਮਿਹਨਤ ਦਾ ਨਤੀਜਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਲਈ ਨਿਰੰਤਰ ਕੰਮ ਕਰਨਗੇ। ਇਸ ਮੌਕੇ ਨਿਤਿਨ ਗੋਇਲ ਨੇ ਕਿਹਾ ਕਿ ਪ੍ਰਦੇਸ਼ ਸਕੱਤਰ ਅਹੁਦੇ ਲਈ 4570 ਵੋਟਾਂ ਨਾਲ ਮਿਲੀ ਜਿੱਤ ਪੰਜਾਬ ਭਰ ਦੇ ਨੌਜਵਾਨਾਂ ਦੇ ਵਿਸ਼ਵਾਸ ਅਤੇ ਸਮਰਥਨ ਦਾ ਨਤੀਜਾ ਹੈ। ਉਨ੍ਹਾਂ ਸਾਰੇ ਵੋਟਰਾਂ, ਕਾਰਕੁਨਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੰਗਠਨ ਨੂੰ ਮਜ਼ਬੂਤ ਕਰਨ, ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਬੇਰੁਜ਼ਗਾਰੀ, ਸਿੱਖਿਆ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ਉੱਤੇ ਡਟ ਕੇ ਸੰਘਰਸ਼ ਕਰਨ ਲਈ ਵਚਨਬੱਧ ਹਨ। ਤਨੁਜ ਮੋਦੀ ਨੇ ਸਾਰੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਵਲੋਂ ਦਿੱਤਾ ਗਿਆ ਇਹ ਜਨਾਦੇਸ਼ ਦਰਸਾਉਂਦਾ ਹੈ ਕਿ ਨੌਜਵਾਨ ਲੀਡਰਸ਼ਿਪ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਜੇਤੂ ਅਹੁਦੇਦਾਰ ਸੰਗਠਨ ਅਤੇ ਸਮਾਜ ਦੀ ਸੇਵਾ ਵਿਚ ਨਵੀਂ ਊਰਜਾ ਨਾਲ ਕੰਮ ਕਰਨਗੇ। ਇਸ ਮੌਕੇ ਕਿ੍ਰਸ਼ਨ ਸਿੰਗਲਾ, ਗੁਰਮੀਤ ਸਿੰਘ ਚੌਹਾਨ, ਭੁਵੇਸ ਤਿਵਾਰੀ, ਅਰਸ਼ ਬਾਜਵਾ, ਅਨੁਜ ਮੋਦੀ, ਅਮਰਿੰਦਰ ਸਿੰਘ, ਤਰਨਜੀਤ ਸਿੰਘ, ਨੀਰਜ ਵਰਮਾ, ਰਵੀ, ਅਜੈ ਸਿੰਗਲਾ, ਇੰਦਰਜੀਤ ਸਿੰਘ ਖਾਨੀ, ਗੁਰਦਿੱਤ ਸਿੰਘ, ਸੁਮੀਤ ਸਾਹਨੀ, ਸੈਫ ਸਲਮਾਨ, ਨਾਨੂ, ਤੇਜੀ ਅਤੇ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਕਾਰਕੁਨ, ਸਮਰਥਕ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।