ਸਨੌਰ (ਮੋਹਣ ਸਿੰਘ ਭੱਟੀ)-ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦੇ ਲੰਮੇ ਕੱਟਾਂ ਅਤੇ ਬੇਹੱਦ ਘੱਟ ਵੋਲਟੇਜ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਸਰਕਾਰ ਅਤੇ ਪਾਵਰਕੌਮ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪ੍ਰਮੁੱਖ ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਸਰਕਾਰ ਨੂੰ ਦੋ-ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਤਿੱਖਾ ਸੰਘਰਸ਼ ਵਿੱਢਦਿਆਂ ਸੜਕਾਂ ਜਾਮ ਕਰਨਗੇ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਮੋਰਚਾ ਖੋਲ੍ਹਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਦਿਨ-ਰਾਤ ਨਿਰਵਿਘਨ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਦੋ-ਦੋ, ਤਿੰਨ-ਤਿੰਨ ਘੰਟਿਆਂ ਦੇ ਲੰਮੇ ਕੱਟਾਂ ਨੇ ਹੁਣੇ ਤੋਂ ਹੀ ਕਿਸਾਨਾਂ ਦੇ ਫਿਊਜ਼ ਉਡਾ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਬਿਜਲੀ ਸਪਲਾਈ ਦੇ ਵਾਜੇ ਵੱਜਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਕਿਸਾਨ ਡੂੰਘੀ ਚਿੰਤਾ ਦੇ ਆਲਮ ਵਿੱਚ ਡੁੱਬ ਗਏ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਭਾਵੇਂ ਦਿਨ ਵੇਲੇ ਸਪਲਾਈ ਦਿੱਤੀ ਜਾਵੇ ਜਾਂ ਰਾਤ ਵੇਲੇ, ਪਰ ਵਾਰੀ ਅਨੁਸਾਰ ਖੇਤਾਂ ਲਈ ਨਿਰਧਾਰਿਤ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ।ਕਿਸਾਨਾਂ ਨੇ ਤਕਨੀਕੀ ਖ਼ਾਮੀਆਂ ਦਾ ਜ਼ਿਕਰ ਕਰਦਿਆਂ ਅੱਗੇ ਦੱਸਿਆ ਕਿ ਅੱਤ ਦੀ ਗਰਮੀ ਅਤੇ ਵਧਦੇ ਤਾਪਮਾਨ ਕਾਰਨ ਦਿਨ ਵੇਲੇ ਬਿਜਲੀ ਦੀ ਸਪਲਾਈ ਦੇਣ ਕਾਰਨ ਕਾਸ ਤੌਰ ’ਤੇ ਤਾਰਾਂ ਸੜ ਜਾਂਦੀਆਂ ਹਨ, ਜਿਸ ਕਰਕੇ ਸਪਲਾਈ ਦੌਰਾਨ ਕੋਈ ਵੱਡਾ ਹਾਦਸਾ ਹੋਣ ਦਾ ਖ਼ਤਰਾ ਵੀ ਲਗਾਤਾਰ ਬਣਿਆ ਰਹਿੰਦਾ ਹੈ। ਭਾਰੀ ਗਰਮੀ ਵਿੱਚ ਫਿਊਜ਼ ਉੱਡਣ ਕਾਰਨ ਬਿਜਲੀ ਸਪਲਾਈ ਘਮਟਿਆਂਬੱਧੀ ਠੱਪ ਹੋ ਜਾਂਦੀ ਹੈ ਅਤੇ ਵੋਲਟੇਜ ਦੀ ਵੱਡੀ ਸਮੱਸਿਆ ਕਾਰਨ ਮੋਟਰਾਂ ਦਾ ਚੱਲਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਂਖਰ ਗਰਿੱਡ ਦੇ ਅਧੀਨ ਆਉਂਦੇ ਪਿੰਡ ਬਲਮਗੜ੍ਹ, ਸ਼ਾਦੀਪੁਰ, ਖੁੱਡਾ, ਬੱਤਾ, ਕਾਨਾਹੇੜੀ, ਗੰਗਰੋਲੀ, ਗੰਗਰੋਲਾ, ਦੀਵਾਨਵਾਲਾ, ਮੰਡੀ, ਪੁਰ, ਖਾਲਸਪੁਰ, ਬੱਤਾ, ਬੱਤੀ, ਕੋਟਲਾ ਨਗਰ, ਕਰਨਪੁਰ, ਬੋਲੜ ਕਲਾਂ ਅਤੇ ਬੋਲੜੀ ਆਦਿ ਪਿੰਡਾਂ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਹਾਲਾਤ ਬੇਹੱਦ ਬਦਤਰ ਹੋ ਚੁੱਕੇ ਹਨ। ਉਨ੍ਹਾਂ ਮੁੜ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟਦਾ ਜਾ ਰਿਹਾ ਹੈ ਅਤੇ ਜੇਕਰ ਪਾਵਰਕੌਮ ਨੇ ਤੁਰੰਤ ਬਿਜਲੀ ਸਪਲਾਈ ਵਿੱਚ ਲੋੜੀਂਦਾ ਸੁਧਾਰ ਨਾ ਕੀਤਾ ਤਾਂ ਤਿੱਖੇ ਪ੍ਰਦਰਸ਼ਨਾਂ ਅਤੇ ਸੜਕਾਂ ਜਾਮ ਕਰਨ ਦੀ ਸਾਰੀ ਜ਼ਿੰਮੇਵਾਰੀ ਸਿੱਧੀ ਪੰਜਾਬ ਸਰਕਾਰ ਦੀ ਹੋਵੇਗੀ।