ਪਟਿਆਲਾ, 26 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਜਾਰੀ ਬਿਆਨ ਰਾਹੀਂ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਲਈ ਨਵਾਂ ਐਕਟ ਲਾਗੂ ਕਰਨ ਦੇ ਫ਼ੈਸਲੇ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਜਥੇਦਾਰ ਵਿੰਦਾ ਗਰੋਵਰ ਨੇ ਕਿਹਾ ਕਿ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਅਤੇ ਸੰਗਤਾਂ ਵਿਚ ਸਰਕਾਰ ਦੇ ਇਸ ਕਦਮ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸਿੱਖ ਕੌਮ ਦੇ ਪੰਜ ਤਖ਼ਤਾਂ ਵਿਚੋਂ ਇਕ ਮਹਾਨ ਅਤੇ ਪਵਿੱਤਰ ਤਖ਼ਤ ਹੈ। ਇਹ ਅਸਥਾਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਅਸਥਾਨ ਹੈ। ਇਸ ਪਾਵਨ ਅਸਥਾਨ ਦੀ ਮਰਿਆਦਾ, ਪਰੰਪਰਾ ਅਤੇ ਪ੍ਰਬੰਧ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨਾਲ ਡੂੰਘੇ ਤੌਰ ਉੱਤੇ ਜੁੜਿਆ ਹੋਇਆ ਹੈ। ਜਥੇਦਾਰ ਵਿੰਦਾ ਨੇ ਸਪਸ਼ਟ ਕੀਤਾ ਕਿ ਸਿੱਖ ਸੰਗਤਾਂ ਦਾ ਇਹ ਦਿ੍ਰੜ੍ਹ ਮੰਨਣਾ ਹੈ ਕਿ ਕਿਸੇ ਵੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਵਿਚ ਅਜਿਹਾ ਕੋਈ ਵੀ ਦਖ਼ਲ ਨਹੀਂ ਦੇਣਾ ਚਾਹੀਦਾ, ਜਿਸ ਨਾਲ ਤਖ਼ਤ ਸਾਹਿਬ ਦੀ ਖ਼ੁਦਮੁਖ਼ਤਿਆਰੀ, ਸਦੀਆਂ ਪੁਰਾਣੀਆਂ ਰਵਾਇਤਾਂ ਅਤੇ ਪੰਥਕ ਮਰਿਆਦਾ ਪ੍ਰਭਾਵਿਤ ਹੁੰਦੀ ਹੋਵੇ। ਸਿੱਖ ਕੌਮ ਹਮੇਸ਼ਾ ਆਪਣੇ ਗੁਰੂ ਘਰਾਂ ਦੀ ਆਜ਼ਾਦੀ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਰਹੀ ਹੈ ਅਤੇ ਇਸ ਗੰਭੀਰ ਮਾਮਲੇ ਵਿਚ ਵੀ ਸਮੁੱਚੀਆਂ ਸੰਗਤਾਂ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੀਆਂ। ਜਥੇਦਾਰ ਵਿੰਦਾ ਨੇ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮਹਾਰਾਸ਼ਟਰ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਨ ਸਤਿਕਾਰ ਕੀਤਾ ਜਾਵੇ। ਸਰਕਾਰ ਵਲੋਂ ਕੋਈ ਵੀ ਅਜਿਹਾ ਕਦਮ ਨਾ ਚੁੱਕਿਆ ਜਾਵੇ ਜੋ ਪੰਥਕ ਏਕਤਾ, ਧਾਰਮਿਕ ਆਜ਼ਾਦੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮਰਿਆਦਾ ਨੂੰ ਪ੍ਰਭਾਵਿਤ ਕਰਦਾ ਹੋਵੇ। ਉਨ੍ਹਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਸਿੱਖ ਪੰਥ ਹਮੇਸ਼ਾ ਇਕਜੁੱਟ ਰਹੇ ਅਤੇ ਤਖ਼ਤ ਸਾਹਿਬਾਨ ਦੀਆਂ ਮਹਾਨ ਪਰੰਪਰਾਵਾਂ ਅਤੇ ਮਰਿਆਦਾ ਸਦਾ ਕਾਇਮ ਰਹਿਣ।