ਪਟਿਆਲਾ, 27 ਜੂਨ (ਮਨਦੀਪ ਸਿੰਘ ਖਰੌੜ)-ਪੰਜਾਬ ਭਰ ਦੇ ਖੇਤਾਂ ’ਚ ਸਿੰਚਾਈ ਕਰਨ ਲਈ 70 ਫ਼ੀਸਦੀ ਤੋਂ ਵੱਧ ਨਹਿਰੀ ਪਾਣੀ ਖਾਲ਼ਾਂ ਰਾਹੀਂ ਪਹੁੰਚਣਾ ਇਹ ਇਕ ‘ਆਪ’ ਸਰਕਾਰ ਦਾ ਸ਼ਲਾਘਾਯੋਗ ਕੰਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸੰਨੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਕਤ ਕਾਰਜ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ ਨਹਿਰੀ ਪਾਣੀ ਨਾਲ ਸਿੰਚਾਈ ਹੋਣ ਦੇ ਕਾਰਨ ਫ਼ਸਲਾਂ ਦਾ ਝਾੜ ਵੀ ਵਧੇਗਾ। ਸ. ਢਿੱਲੋਂ ਨੇ ਕਿਹਾ ਕਿ ਇਹ ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈ ਕਿ 15 ਜ਼ਿਲ੍ਹਿਆਂ ਤੋਂ ਵੱਧ ਖੇਤਾਂ ’ਚ ਖਾਲ਼ਾਂ ਰਾਹੀਂ ਨਹਿਰੀ ਪਾਣੀ ਪਹੁੰਚਣ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਵੇਲੇ ਵੱਡੀ ਸਹੂਲਤ ਮਿਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਸਾਲ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਏਗੀ ਕਿਉਂਕਿ ਇਸ ਸੰਬੰਧੀ ਪਹਿਲਾਂ ਵੀ ਸਰਕਾਰਾਂ ਗੱਲਾਂ ਕਰਦੀਆਂ ਰਹੀਆਂ ਹਨ ਪਰ ਇਹ ਕਾਰਜ ਨੇਪਰੇ ਆਮ ਆਦਮੀ ਪਾਰਟੀ ਨੇ ਚਾੜਿਆ ਹੈ। ਉਹ ਆਪ ਕਿਸਾਨ ਦੇ ਪੁੱਤ ਹਨ ਇਸ ਕਰਕੇ ਉਹ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਜਾਣੂ ਹਨ ਜਿਵੇਂ ਕਿ ਹੁਣ ਐਨੀ ਔੜ ਚਲ ਰਹੀ ਹੈ ਕਿ ਕਈ ਖੇਤਾਂ ਦੇ ਬੋਰ ਵੀ ਜਵਾਬ ਦੇਣ ਲੱਗੇ ਹਨ ਪਰ ਆਮ ਆਦਮੀ ਪਾਰਟੀ ਦੀ ਨਹਿਰੀ ਪਾਣੀ ਦੀ ਸਹੂਲਤ ਕਰਕੇ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਕਿਸਾਨਾਂ ਦਾ ਖਰਚਾ ਵੀ ਬਚਾਇਆ ਹੈ। ਸਮਾਜ ਸੇਵੀ ਢਿੱਲੋਂ ਨੇ ਕਿਹਾ ਕਿ ਇਸ ਨਾਲ ਬਿਜਲੀ ਖਪਤ ਦੀ ਬਹੁਤ ਬੱਚਤ ਹੋਈ ਹੈ। ਇਸ ਤੋਂ ਇਲਾਵਾ ਬਹੁਤੇ ਕਿਸਾਨ ਝੋਨਾ ਲਗਾਉਣ ਲਈ ਜਨਰੇਟਰ ਰਾਹੀਂ ਮੋਟਰਾਂ ਚਲਾ ਕੇ ਆਪਣੇ ਖੇਤ ਭਰਦੇ ਸੀ ਤੇ ਹੁਣ ਨਹਿਰੀ ਪਾਣੀ ਕਾਰਨ ਜਨਰੇਟਰ ਦੀ ਵਰਤੋਂ ਲਗਭਗ ਖ਼ਤਮ ਹੀ ਹੋ ਚੁੱਕੀ ਹੈ ਤੇ ਇਸ ਦੇ ਨਾਲ-ਨਾਲ ਤੇਲ ਦੀ ਬਹੁਤ ਵੱਡੀ ਬੱਚਤ ਹੋਈ ਹੈ ਅਤੇ ਕਿਸਾਨਾਂ ਦੀ ਜੇਬ ’ਤੇ ਭਾਰ ਵੀ ਘਟਿਆ ਹੈ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵੀ ਹੋਣ ਦੇ ਨਾਂ ’ਤੇ ਲੋਕਪੱਖੀ ਕੰਮ ਕਰਨ ਵਾਲੀ ਹਰ ਇਕ ਪਾਰਟੀ ਦੇ ਨਾਲ ਖੜ੍ਹੇ ਹਨ।