ਪਾਤੜਾਂ, 30 ਜੂਨ (ਜਗਦੀਸ਼ ਸਿੰਘ ਕੰਬੋਜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਾਤੜਾਂ ’ਚ ਕੀਤੀ ਜਾ ਰਹੀ ਰੈਲੀ ਵਿਚ ਕਰਨ ਸਿੰਘ ਡੀਟੀਓ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਸਾਫ਼ ਛਵੀ ਵਾਲੇ ਕਰਨ ਸਿੰਘ ਦੇ ‘ਆਪ’ ਵਿਚ ਸ਼ਾਮਿਲ ਹੋਣ ’ਤੇ ਹਲਕਾ ਸ਼ੁਤਰਾਣਾ ਵਿਚ ਅਮਲੀ ਰੂਪ ’ਚ ਬਦਲਾਅ ਆਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਲਜੀਤ ਸਿੰਘ ਮੌਲਵੀਵਾਲਾ, ਕੌਂਸਲਰ ਮਨਵੀਰ ਸਿੰਘ ਮੰਨਾਂ, ਕੌਂਸਲਰ ਕੁਲਦੀਪ ਸਿੰਘ ਥਿੰਦ ਦੀ ਅਗਵਾਈ ’ਚ ਇਕੱਤਰ ਪਾਰਟੀ ਆਗੂਆਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰਨ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਸਾਫ਼ ਛਵੀ ਵਾਲਾ ਹੈ ਅਤੇ ਹਲਕੇ ਵਿਚ ਉਨ੍ਹਾਂ ਦਾ ਲੋਕ ਬਹੁਤ ਸਤਿਕਾਰ ਕਰਦੇ ਹਨ ਇਸ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਹਲਕੇ ਵਿਚ ਪਾਰਟੀ ਬਹੁਤ ਮਜ਼ਬੂਤ ਹੋਵੇਗੀ। ਜਿਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਚੇਚੇ ਤੌਰ ’ਤੇ ਇਕ ਰੈਲੀ ਰੱਖੀ ਗਈ ਹੈ ਅਤੇ ਇਸ ਰੈਲ਼ੀ ਕਰਕੇ ਉਨ੍ਹਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਸੰਪਰਕ ਕਰਨ ਤੇ ਲੋਕਾਂ ਵਿਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਰੈਲੀ ਵਿਚ ਆਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਤੜਾਂ ਦੀ ਮੁੱਖ ਅਨਾਜ ਮੰਡੀ ਵਿਚ ਇਸ ਸੰਬੰਧੀ ਰੱਖੇ ਸਮਾਗਮ ਲਈ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੇ ਆਉਣ ਦਾ ਅੰਦਾਜ਼ਾ ਲਾ ਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਮੁੱਖ ਮੰਗਾਂ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਖੇਡ ਸਟੇਡੀਅਮ ਨੂੰ ਆਧੁਨਿਕ ਬਣਾਏ ਜਾਣ ਲੜਕੀਆਂ ਦਾ ਕਾਲਜ ਅਤੇ ਪਾਤੜਾਂ ਦੀ ਅਨਾਜ ਮੰਡੀ, ਪਾਰਕ ਸਮੇਤ ਹੋਰ ਬਹੁਤ ਸਾਰੇ ਹੋਣ ਵਾਲੇ ਕੰਮਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਸਾਨੂੰ ਆਸ ਹੈ ਕਿ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਇਸ ਮੌਕੇ ਫਕੀਰ ਚੰਦ ਸਾਬਕਾ ਕੌਂਸਲਰ, ਸਰਪੰਚ ਕਿ੍ਰਸ਼ਨ ਸਿੰਘ ਭੂਤਗੜ੍ਹ ਆਦਿ ਮੌਜੂਦ ਸਨ।