ਸਨੌਰ, 30 ਜੂਨ (ਮੋਹਣ ਸਿੰਘ ਭੱਟੀ)-ਝੋਨੇ ਦੇ ਇਸ ਅਹਿਮ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦੇ ਲੰਮੇ ਅਤੇ ਅਣਐਲਾਨੇ ਕੱਟਾਂ ਕਾਰਨ ਹਲਕਾ ਸਨੌਰ ਦੇ ਅਧੀਨ ਆਉਂਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਬੇਹੱਦ ਚਿੰਤਾਜਨਕ ਅਤੇ ਤਰਸਯੋਗ ਬਣ ਚੁੱਕੀ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਇਲਾਕੇ ਦੇ ਮੋਹਤਬਰ ਕਿਸਾਨ ਆਗੂਆਂ ਅਤੇ ਪੀੜਤ ਜ਼ਿਮੀਂਦਾਰਾਂ ਵੱਲੋਂ ਸੀਨੀਅਰ ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਦੀ ਅਗਵਾਈ ਵਿਚ ਪਾਵਰਕੌਮ ਦੇ ਸਨੌਰ ਸਥਿਤ ਗਰਿੱਡ ਵਿਖੇ ਐੱਸ.ਡੀ.ਓ. ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਜੋ ਭਰੋਸਾ ਦਿੱਤਾ ਗਿਆ ਸੀ, ਉਸ ਨੂੰ ਪੂਰਾ ਕਰਨ ਵਿੱਚ ਮੌਜੂਦਾ ਸਰਕਾਰ ਅਤੇ ਅਫ਼ਸਰਸ਼ਾਹੀ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਖੇਤਾਂ ਵਿੱਚ ਦੋ ਤੋਂ ਤਿੰਨ ਘੰਟਿਆਂ ਦੇ ਲੰਮੇ ਅਣ-ਐਲਾਨੇ ਬਿਜਲੀ ਕੱਟ ਲੱਗਣ ਕਾਰਨ ਕਿਸਾਨਾਂ ਵਲੋਂ ਹਜ਼ਾਰਾਂ ਰੁਪਏ ਖ਼ਰਚ ਕੇ ਲਗਾਇਆ ਗਿਆ ਝੋਨਾ ਹੁਣ ਪਾਣੀ ਖੁਣੋਂ ਸੁੱਕਣ ਕਿਨਾਰੇ ਪਹੁੰਚ ਚੁੱਕਾ ਹੈ ਅਤੇ ਇਲਾਕੇ ਦੇ ਕਿਸੇ ਵੀ ਖੇਤ ਵਿੱਚ ਪਾਣੀ ਦੇਖਣ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਝੋਨੇ ਦੀ ਫ਼ਸਲ ਉੱਤੇ ਪ੍ਰਤੀ ਏਕੜ 5 ਤੋਂ 6 ਹਜ਼ਾਰ ਰੁਪਏ ਤੱਕ ਦਾ ਮਹਿੰਗਾ ਡੀਜ਼ਲ ਅਤੇ ਕੀਟਨਾਸ਼ਕ ਦਵਾਈਆਂ ਦਾ ਖ਼ਰਚਾ ਕਰ ਚੁੱਕੇ ਹਨ, ਪਰ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਦੀ ਸਾਰੀ ਲਾਗਤ ਅਤੇ ਮਿਹਨਤ ਬਰਬਾਦ ਹੋਣ ਦੇ ਕੰਢੇ ਹੈ। ਇਸ ਮੌਕੇ ਕਿਸਾਨ ਆਗੂ ਮੋਹਣੀ ਭਾਂਖਰ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਅਧਿਕਾਰੀਆਂ ਨੂੰ ਤਿੱਖੀ ਚੇਤਾਵਨੀ ਦਿੰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿੰਡ ਭਾਂਖਰ ਗਰਿੱਡ ਤੋਂ ਚੱਲਦੀ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਇਸ ਵੇਲੇ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਜੇਕਰ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਤੁਰੰਤ 8 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ, ਤਾਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਾਂਖਰ ਗਰਿੱਡ ਨੂੰ ਮੁਕੰਮਲ ਤੌਰ ’ਤੇ ਜਿੰਦਾ ਜੜ (ਤਾਲਾ ਲਗਾ) ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਅਤੇ ਤਿੱਖਾ ਮੁਜ਼ਾਹਰਾ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਂਖਰ ਗਰਿੱਡ ਦੇ ਨਾਲ ਲੱਗਦੇ ਪਿੰਡ ਬੱਲ੍ਹਾ, ਬਲਮਗੜ੍ਹ, ਬੋਲੜ, ਬੋਲੜੀ, ਖਾਲਸਪੁਰ, ਪੁਰ, ਮੰਡੀ, ਦਿਵਾਨਵਾਲਾ, ਪਲਾਖਾ, ਸੁਰਸਤੀਗੜ੍ਹ, ਗੰਗਰੋਲਾ, ਗੰਗਰੋਲੀ, ਕਾਨ੍ਹਾਹੇੜੀ, ਸ਼ਾਦੀਪੁਰ ਅਤੇ ਖੁੱਡਾ ਆਦਿ ਵਿਚ ਬਿਜਲੀ ਦੀ ਹਾਲਤ ਸਭ ਤੋਂ ਮਾੜੀ ਹੈ। ਕਿਸਾਨਾਂ ਨੇ ਆਸ ਪ੍ਰਗਟਾਈ ਕਿ ਐੱਸ.ਡੀ.ਓ. ਸਨੌਰ ਇਸ ਮੰਗ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ ਅਤੇ ਖੇਤਾਂ ਲਈ ਨਿਰਵਿਘਨ ਬਿਜਲੀ ਸਪਲਾਈ ਬਹਾਲ ਕਰਵਾ ਕੇ ਅੰਨਦਾਤੇ ਨੂੰ ਵੱਡੀ ਬਰਬਾਦੀ ਤੋਂ ਬਚਾਉਣਗੇ।