ਦੇਵੀਗੜ੍ਹ, 3 ਜੁਲਾਈ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਲਾਭ ਪਿੰਡ ਕਪੂਰੀ ਦੇ ਵਸਨੀਕਾਂ ਤੱਕ ਪਹੁੰਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸਾਬਕਾ ਸਰਪੰਚ ਲਖਵੀਰ ਸਿੰਘ ਲੱਖੀ ਦੀ ਰਹਿਨੁਮਾਈ ਹੇਠ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਵਲੋਂ ਫਾਰਮ ਭਰਨ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਬਕਾ ਸਰਪੰਚ ਲਖਵੀਰ ਸਿੰਘ ਲੱਖੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਆਪਣੀ ਟੀਮ ਨਾਲ ਮਿਲ ਕੇ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਸਕੀਮ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਅਤੇ ਯੋਗ ਲਾਭਪਾਤਰੀਆਂ ਦੇ ਫਾਰਮ ਭਰਨ ਵਿਚ ਮਦਦ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲਕਦਮੀ ਮਾਵਾਂ-ਧੀਆਂ ਦੇ ਮਾਣ-ਸਨਮਾਨ ਨੂੰ ਵਧਾਉਣ ਲਈ ਬਹੁਤ ਵਧੀਆ ਕਦਮ ਹੈ। ਉਨ੍ਹਾਂ ਕਿਹਾ, “ਇਸ ਸਕੀਮ ਨਾਲ ਲਾਭਪਾਤਰੀਆਂ ਨੂੰ ਆਰਥਿਕ ਮਦਦ ਅਤੇ ਸਿਹਤ ਸਹੂਲਤਾਂ ਮਿਲਣਗੀਆਂ, ਜਿਸ ਨਾਲ ਸਮਾਜ ਵਿਚ ਔਰਤਾਂ ਦੀ ਆਤਮ-ਨਿਰਭਰਤਾ ਵਧੇਗੀ।” ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਆਪਣੀਆਂ ਧੀਆਂ ਅਤੇ ਮਾਵਾਂ ਨੂੰ ਸਮਾਜਿਕ ਤੌਰ ‘ਤੇ ਹੋਰ ਮਜ਼ਬੂਤ ਬਣਾਇਆ ਜਾ ਸਕੇ। ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਲਖਵੀਰ ਸਿੰਘ ਲੱਖੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਲੱਖੀ ਦੀ ਅਗਵਾਈ ਸਦਕਾ ਹੀ ਉਹ ਇਸ ਸਕੀਮ ਦੀਆਂ ਬਾਰੀਕੀਆਂ ਨੂੰ ਸਮਝ ਸਕੇ ਹਨ ਅਤੇ ਉਨ੍ਹਾਂ ਦੇ ਫਾਰਮ ਬਿਨਾਂ ਕਿਸੇ ਮੁਸ਼ਕਲ ਤੋਂ ਭਰੇ ਗਏ ਹਨ। ਇਸ ਮੁਹਿੰਮ ਦੌਰਾਨ ਦਾਨੁ ਲਾਂਬਾ, ਹੈਪੀ ਰਾਮ, ਬਿਨੂੰ ਰਾਣੀ, ਏਕਤਾ ਕੁਮਾਰੀ, ਆਂਗਣਵਾੜੀ ਵਰਕਰ ਮਨਜੀਤ ਕੌਰ ਅਤੇ ਅਵਤਾਰ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।