06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਹੀਂ ਰੁਕ ਰਹੀ ਚੰਡੀਗੜ੍ਹ ਸ਼ਰਾਬ ਦੀ ਪੰਜਾਬ ’ਚ ਤਸਕਰੀ

Ad Position 21
No active advertisement
ਅਜੀਤ ਡੈਸਕ 08-07-2026
ਪਟਿਆਲਾ, 7 ਜੁਲਾਈ (ਮਨਦੀਪ ਸਿੰਘ ਖਰੌੜ)-ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਚੰਡੀਗੜ੍ਹ ਸ਼ਰਾਬ ਦੀ ਆਮਦ ਪੰਜਾਬ ’ਚ ਨਹੀਂ ਰੁਕ ਰਹੀ। ਇਸੇ ਸਿਲਸਿਲੇ ਤਹਿਤ ਚੰਡੀਗੜ੍ਹ ਤੋਂ ਲਿਆਂਦੀ ਗਈ ਦੇਸੀ ਸ਼ਰਾਬ ਦੀਆਂ 41 ਪੇਟੀਆਂ ਥਾਣਾ ਅਰਬਨ ਅਸਟੇਟ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਤੇ ਐਕਸਾਈਜ਼ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਮਾਨ ਦੀ ਅਗਵਾਈ ਵਾਲੀ ਟੀਮ ਨੇ ਸਰਹਿੰਦ ਬਾਈਪਾਸ ਤੋਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਐਸ. ਐੱਚ. ਓ. ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਡੀਗੜ੍ਹ ਤੋਂ ਪੰਜਾਬ ’ਚ ਸ਼ਰਾਬ ਲੈ ਕੇ ਆ ਰਿਹਾ ਹੈ ਜਿਸ ਤਹਿਤ ਉਨ੍ਹਾਂ ਸਰਹਿੰਦ ਬਾਈਪਾਸ ’ਤੇ ਤਿਕੋਣੀ ਮਾਰਕੀਟ ਲਾਗੇ ਨਾਕਾਬੰਦੀ ਕਰ ਕੇ ਮੁਲਜ਼ਮ ਦੀ ਗੱਡੀ ਰੋਕੀ ਤਾਂ ਉਸ ਵਿਚੋਂ 492 ਬੋਤਲਾਂ ਦੇਸੀ ਸ਼ਰਾਬ ਮਾਰਕਾ ਚੰਡੀਗੜ੍ਹ ਦੀਆਂ ਬਰਾਮਦ ਹੋਈਆਂ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਬਰਾਮਦ ਹੋਣ ਵੇਲੇ ਅਕਸਰ ਗੱਡੀ ਚਾਲਕ ਜਾਂ ਛੋਟੇ ਮੋਟੇ ਤਸਕਰ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ ਅਤੇ ਇਹ ਸ਼ਰਾਬ ਕਿਸ ਠੇਕੇਦਾਰ ਦੀ ਹੈ ਤੇ ਉਸ ਖ਼ਿਲਾਫ਼ ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਛੋਟੇ ਮੋਟੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲਾ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ। ਐਸ. ਐੱਚ. ਓ. ਗਿੱਲ ਨੇ ਦੱਸਿਆ ਕਿ ਅਜੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਬਾਰੇ ਦੱਸਿਆ ਜਾ ਸਕਦਾ ਹੈ। ਇੰਝ ਹੀ ਐਕਸਾਈਜ਼ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਲੱਗਿਆ ਹੈ ਕਿ ਇਸ ਮੁਲਜ਼ਮ ਨੂੰ ਚੰਡੀਗੜ੍ਹ ਤੋਂ ਬਾਹਰ ਸ਼ਰਾਬ ਫੜਾਈ ਗਈ ਸੀ ਅਤੇ ਮੁਲਜ਼ਮ ਨੂੰ ਖ਼ੁਦ ਨਹੀਂ ਪਤਾ ਕਿ ਚੰਡੀਗੜ੍ਹ ਤੋਂ ਸ਼ਰਾਬ ਕਿਥੋਂ ਖ਼ਰੀਦੀ ਗਈ। ਪੁਲਿਸ ਇਸ ਮਾਮਲੇ ਦੀ ਹਾਲੇ ਪੜਤਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਅਕਸਰ ਚੰਡੀਗੜ੍ਹ ਤੇ ਹਰਿਆਣਾ ਦੀ ਸ਼ਰਾਬ ਆਉਂਦੀ ਰਹਿੰਦੀ ਹੈ। ਅਪ੍ਰੈਲ ਮਹੀਨੇ ’ਚ ਪਟਿਆਲਾ ਸ਼ਹਿਰ ’ਚ ਮਹਿੰਗੇ ਬਰਾਂਡ ਦੀਆਂ ਬੋਤਲਾਂ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀਆਂ ਬੋਤਲਾਂ ’ਚ ਪਾ ਕੇ ਅੱਗੇ ਵੇਚਣ ਵਾਲੇ ਗਰੋਹ ਨੂੰ ਐਕਸਾਈਜ਼ ਵਿਭਾਗ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਸੀ। ਇਸ ਵੇਲੇ ਮੁਲਜ਼ਮਾਂ ਤੋਂ ਨਕਲੀ ਬੋਤਲਾਂ, ਢੱਕਣ ਤੇ ਸੀਲਾਂ ਵੀ ਬਰਾਮਦ ਹੋਈਆਂ ਸਨ। ਇਸ ਤੋਂ ਪਹਿਲਾਂ ਸਾਲ 2025 ਸ਼ਹਿਰ ’ਚੋਂ ਹਰਿਆਣਾ ਮਾਰਕਾ ਦੀ ਨਕਲੀ ਸ਼ਰਾਬ ਦੀਆਂ 117 ਪੇਟੀਆਂ ਵੀ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਚੌਰਾ ਦੇ ਇਕ ਘਰ ’ਚੋਂ ਬਰਾਮਦ ਕੀਤੀਆਂ ਸਨ। ਇਸ ਤੋਂ ਇਲਾਵਾ ਸ਼ਰਾਬ ਦੀ ਤਸਕਰੀ ਦੇ ਛੋਟੇ ਮੋਟੇ ਕੇਸ ਤਾਂ ਹਰ ਰੋਜ਼ ਹੀ ਥਾਣਿਆਂ ’ਚ ਦਰਜ ਹੁੰਦੇ ਰਹਿੰਦੇ ਹਨ।
ਠੇਕੇਦਾਰ ਖ਼ਿਲਾਫ਼ ਵੀ ਹੋਵੇਗੀ ਕਾਰਵਾਈ-ਏ. ਈ. ਟੀ. ਸੀ. ਗਰਗ
ਇਸ ਸੰਬੰਧੀ ਅਸਿਸਟੈਂਟ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਰੋਹਿਤ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਇਹ ਸ਼ਰਾਬ ਕਿਸ ਠੇਕੇਦਾਰ ਦੀ ਸ਼ਰਾਬ ਤੇ ਕਿਹੜੇ ਗੁਦਾਮ ’ਚੋਂ ਖ਼ਰੀਦੀ ਗਈ ਸੀ ਉਸ ਬਾਰੇ ਪਤਾ ਲੱਗਦਾ ਹੈ ਤਾਂ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਤਸਕਰੀ ਰੋਕਣ ਲਈ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਓ. ਅਧਿਆਪਕ ਉਪਰ ਹਮਲੇ ਦੇ ਘਟਨਾ ਨੂੰ ਲੈ ਕੇ ਅਧਿਆਪਕ ਵਰਗ ’ਚ ਰੋਸ ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
Ad Position 24
No active advertisement