ਪਟਿਆਲਾ, 7 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸਪੈਸ਼ਲ ਇਨਟੈਨਸਿਵ ਰਿਵਿਜਨ (ਐਸ. ਆਈ. ਆਰ.) ਦੀ ਡਿਊਟੀ ਦੌਰਾਨ ਬੀ. ਐੱਲ. ਓ. ਡਿਊਟੀ ਕਰ ਰਹੇ ਹਰਪ੍ਰੀਤ ਸਿੰਘ (ਈ. ਟੀ. ਟੀ. ਟੀਚਰ, ਸ. ਪ੍ਰ. ਸਕੂਲ ਨਵਾਂ ਰੱਖੜਾ, ਪਟਿਆਲਾ) ਉੱਪਰ ਬੀਤੇ ਦਿਨ, ਆਨੰਦ ਨਗਰ-ਬੀ ਪਟਿਆਲਾ ਵਿਖੇ ਸੰਬੰਧਿਤ ਇਲਾਕੇ ਦੇ ਇਕ ਵਿਅਕਤੀ ਵਲੋਂ ਬਿਨਾਂ ਵਜ੍ਹਾ ਭੜਕਾਹਟ ਵਿਚ ਆ ਕੇ ਗੰਭੀਰ ਹਮਲਾ ਕਰ ਦਿੱਤਾ ਗਿਆ ਹੈ। ਉਕਤ ਹਮਲਾ ਕਰਨ ਵਾਲੇ ਵਿਅਕਤੀ ਵਲੋਂ ਗੁੰਡਾਗਰਦੀ ਕਰਦੇ ਹੋਏ ਬੀ. ਐੱਲ. ਓ. ਪ੍ਰਤੀ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਮਾਮਲੇ ਦੀ ਗੰਭੀਰਤਾ ਦਾ ਤਰੁੰਤ ਬਖਿਆਨ ਲੈਂਦੇ ਹੋਏ ਅਧਿਆਪਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਰੋਸ ਮੁਜ਼ਹਾਰਾ ਕੀਤਾ। ਇਸ ਦੌਰਾਨ ਏ. ਡੀ. ਸੀ. ਸ਼ਹਿਰੀ ਨਵਰੀਤ ਕੌਰ ਸੇਖੋ ਵਲੋਂ ਅਧਿਆਪਕਾਂ ਦੇ ਇਕੱਠ ਵਿਚ ਪਹੁੰਚ ਕੇ ‘ਮੰਗ ਪੱਤਰ’ ਪ੍ਰਾਪਤ ਕੀਤਾ ਅਤੇ ਸੰਬੰਧਿਤ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਤੋਂ ਇਲਾਵਾ ਐੱਸ. ਆਈ. ਆਰ. ਦੀਆਂ ਬੀ. ਐਲ. ਓ. ਡਿਊਟੀਆਂ ਨਿਭਾ ਰਹੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ. ਟੀ. ਐੱਫ.) ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਡੀ. ਟੀ. ਐੱਫ. ਪਟਿਆਲਾ ਦੇ ਮੀਤ ਪ੍ਰਧਾਨ ਰਾਮ ਸ਼ਰਨ ਅਲੋਹਰਾਂ, ਗੁਰਜੀਤ ਘੱਗਾ, ਰਜਿੰਦਰ ਸਮਾਣਾ, ਪਰਮਵੀਰ ਪੰਮੀ ਤੇ ਭਰਾਤਰੀ ਤੌਰ ‘ਤੇ ਪਹੁੰਚੇ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਦੀਦਾਰ ਸਿੰਘ ਤੇ ਪ. ਸ. ਸ. ਫ. ਦੇ ਜਿਲ੍ਹਾ ਆਗੂ ਜਸਵਿੰਦਰ ਸੋਜਾ ਨੇ ਕਿਹਾ ਕਿ ਵਿਸ਼ੇਸ਼ ਗਹਿਨ ਸੁਧਾਈ (ਐਸ. ਆਈ. ਆਰ) ਦੀਆਂ ਡਿਊਟੀਆਂ ਨਿਭਾਅ ਰਹੇ ਬੀ. ਐਲ. ਓਜ਼ ਪਹਿਲਾਂ ਹੀ ਕੰਮ ਦੇ ਭਾਰੀ ਦਬਾਅ ਹੇਠ ਹਨ। ਇਸ ਦੌਰਾਨ ਉਨ੍ਹਾਂ ’ਤੇ ਇਸ ਤਰ੍ਹਾਂ ਦੇ ਹਮਲੇ ਦੀ ਘਟਨਾ ਵਾਪਰਨ ਨੂੰ ਜਥੇਬੰਦੀ ਅਤਿ ਗੰਭੀਰ ਮਾਮਲਾ ਸਮਝਦੀ ਹੈ। ਸੋ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੀੜਤ ਅਧਿਆਪਕ ਉਪਰ ਹਮਲੇ ਦੇ ਦੋਸ਼ੀ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਵੱਡੀ ਗਿਣਤੀ ਬੀ. ਐਲ. ਓ. ਅਧਿਆਪਕਾਂ/ਕਰਮਚਾਰੀਆਂ ਤੋਂ ਇਲਾਵਾ ਹਮਲੇ ਦਾ ਸ਼ਿਕਾਰ ਅਧਿਆਪਕ ਹਰਪ੍ਰੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ, ਸੁਖਪਾਲ ਰੋਮੀ, ਹਰਿੰਦਰ ਪਟਿਆਲਾ, ਗੁਰਵਿੰਦਰ ਖੱਟੜਾ, ਜਗਜੀਤ ਜਟਾਣਾ, ਕ੍ਰਿਸ਼ਨ ਚੌਹਾਣਕੇ, ਜਗਦੀਪ ਜੱਗੀ ਪ੍ਰਿਤਪਾਲ ਚਾਹਲ, ਕੁਲਦੀਪ ਪਟਿਆਲਵੀ ਅਤੇ ਜੀ. ਟੀ. ਯੂ. ਤੋਂ ਹਰਦੀਪ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਰਹੇ।