ਪਟਿਆਲਾ, 9 ਜੁਲਾਈ (ਧਰਮਿੰਦਰ ਸਿੰਘ ਸਿੱਧੂ)-’ਬੈਸਟ ਸ਼ੂਟਰਜ਼ ਸ਼ੂਟਿੰਗ ਅਕੈਡਮੀ’ ’ਚ 22 ਤੋਂ 26 ਜੂਨ ਤੱਕ ਕਰਵਾਈ 33ਵੀਂ ਪਟਿਆਲਾ ਜ਼ਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ-2026 ਵਿਚ ‘ਦ ਮਿਲੇਨੀਅਮ ਸਕੂਲ, ਪਟਿਆਲਾ’ ਦੇ ਵਿਦਿਆਰਥੀਆਂ ਨੇ ਆਪਣੀ ਇਕਾਗਰਤਾ ਤੇ ਸ਼ਾਨਦਾਰ ਖੇਡ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਸਕੂਲ ਦੀ ਅੱਠਵੀਂ ਜਮਾਤ (8-ਬੀ) ਦੀ ਵਿਦਿਆਰਥਣ ਚਹਤਪ੍ਰੀਤ ਕੌਰ ਨੇ ਸ਼ਾਨਦਾਰ ਨਿਸ਼ਾਨਾ ਲਗਾਉਂਦੇ ਹੋਏ 2 ਸੋਨ ਤਗਮੇ ਤੇ 1 ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ, ਜਦਕਿ ਨੌਵੀਂ ਜਮਾਤ (9-ਬੀ) ਦੇ ਵਿਦਿਆਰਥੀ ਅਸ਼ਵੀਰ ਕਾਲੀਆ ਨੇ ਵੀ ਬੇਹਤਰੀਨ ਖੇਡ ਭਾਵਨਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦੇ ਹੋਏ 2 ਚਾਂਦੀ ਦੇ ਤਗਮੇ ਹਾਸਿਲ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਪੰਧੇਰ ਨੇ ਦੋਵਾਂ ਜੇਤੂਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਨਿਰੰਤਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ।