ਪਟਿਆਲਾ, 16 ਜੁਲਾਈ (ਮਨਦੀਪ ਸਿੰਘ ਖਰੌੜ)-ਮੌਨਸੂਨ ਸੀਜ਼ਨ ’ਚ ਲੋਕ ਹੜ੍ਹ ਆਉਣ ਦੀ ਕੋਈ ਚਿੰਤਾ ਨਾ ਕਰਨ, ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਤੇ ਵਿਭਾਗੀ ਤਾਲਮੇਲ ਨਾਲ ਪ੍ਰਸ਼ਾਸਕੀ ਮਸ਼ੀਨਰੀ ਨੇ ਸਾਰੇ ਲੋੜੀਂਦੇ ਹੜ੍ਹ ਰੋਕੂ ਪ੍ਰਬੰਧ ਅਗੇਤੇ ਹੀ ਮੁਕੰਮਲ ਕਰ ਲਏ ਹਨ। ਇਹ ਵਿਚਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਸਿਹਤ ਵਿਭਾਗ ਨੇ ਜਿਥੇ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਵਧਾਈ ਹੈ, ਉਥੇ ਹੀ ਇਲਾਜ ਪ੍ਰਬੰਧ ਵੀ ਪੁਖ਼ਤਾ ਕੀਤੇ ਹਨ। ਸਿਹਤ ਮੰਤਰੀ ਅੱਜ ਪ੍ਰੈੱਸ ਕਾਨਫ਼ਰੰਸ ’ਚ ਹੜ੍ਹਾਂ ਤੋਂ ਬਚਾਅ ਬਾਬਤ ਤਿਆਰੀਆਂ ਦੀ ਜਾਣਕਾਰੀ ਦੇ ਰਹੇ ਸਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਘੱਗਰ ਸਮੇਤ ਵੱਡੀ ਨਦੀ ਤੇ ਹੋਰ ਨਦੀਆਂ ਨਾਲਿਆਂ ’ਤੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ, ਜਿਸ ਲਈ ਲੋਕਾਂ ਨੂੰ ਘਬਰਾਹਟ ’ਚ ਆਉਣ ਦੀ ਕੋਈ ਲੋੜ ਨਹੀਂ ਹੈ ਜਦਕਿ ਡਰੇਨੇਜ ਮਹਿਕਮੇ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਾਰੀਆਂ ਹੜ੍ਹ ਰੋਕੂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਵੱਡੀ ਨਦੀ ਦੀ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਸਮੇਤ ਇਸ ਦੀ ਪਾਣੀ ਲਿਜਾਉਣ ਦੀ ਸਮਰੱਥ ਵਧਾਈ ਗਈ ਹੈ। ਸਿਹਤ ਮਹਿਕਮੇ ਵਲੋਂ ਬਰਸਾਤੀ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਡੇਂਗੂ, ਚਿਕਣਗੁਨੀਆ, ਡਾਇਰੀਆ, ਹੈਪੇਟਾਈਟਸ ਤੇ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਕੀਤੇ ਉਪਾਵਾਂ ਦੀ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਮੈਡੀਕਲ ਸਥਿਤੀ ਲਈ 104 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਸਿਹਤ ਵਿਭਾਗ ਸਮੇਤ ਡਰੇਨੇਜ, ਜਲ ਸਪਲਾਈ, ਸਥਾਨਕ ਸਰਕਾਰਾਂ, ਪੰਚਾਇਤ, ਸਿੱਖਿਆ, ਆਈ. ਐਮ. ਏ., ਕੈਮਿਸਟ ਐਸੋਸੀਏਸ਼ਨ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਬੰਧਿਤ ਵਿਭਾਗਾਂ ਦਾ ਆਪਸੀ ਤਾਲਮੇਲ ਕਰਵਾਇਆ ਗਿਆ ਹੈ। ਸੰਭਾਵੀ ਹੜ੍ਹਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ 85 ਦਵਾਈਆਂ ਦੀ ਸੂਚੀ ਬਣਾ ਕੇ ਸਾਰੇ ਹਸਪਤਾਲਾਂ ’ਚ ਪਹੁੰਚਾਈਆਂ ਹਨ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਭਰ ’ਚ ਡੇਂਗੂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ’ਚ 1200 ਬੈੱਡ ਰਾਖਵੇਂ ਰੱਖੇ ਹਨ, ਡੇਂਗੂ ਟੈਸਟਿੰਗ ’ਚ 10 ਗੁਣਾ ਵਾਧਾ ਕੀਤਾ ਗਿਆ ਹੈ ਤੇ ਇਕੱਲੇ ਆਮ ਆਦਮੀ ਕਲੀਨਿਕਾਂ ’ਚ ਹੀ 30000 ਟੈੱਸਟ ਹੋਏ ਹਨ ਅਤੇ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡੇਂਗੂ ਦੇ ਮੁਫ਼ਤ ਇਲਾਜ ਸਮੇਤ 12000 ਰੁਪਏ ਦੀ ਸਿੰਗਲ ਡੋਜ਼ ਪਲੇਟਲੈਟ ਕਿੱਟ ਵੀ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 2300 ਸਾਂਝੀਆਂ ਟੀਮਾਂ ਦਾ ਗਠਨ ਕਰਕੇ ਮੱਛਰਾਂ ਦੀ ਪ੍ਰਜਣਨ ਚੈੱਕ ਕਰਨ ਲਈ 1500 ਬਰੀਡਿੰਗ ਚੈੱਕਰ, 38122 ਟ੍ਰੇਂਡ ਨਰਸਿੰਗ ਸਟੂਡੈਂਟਸ, 20515 ਆਸ਼ਾ ਵਰਕਰਾਂ ਨੂੰ ਵੀ ਸਿਖਲਾਈ ਦੇ ਕੇ 53 ਲੱਖ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 11000 ਤੋਂ ਵਧ ਘਰਾਂ ’ਚ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੀ ਕਾਰਵਾਈ ਦੀ ਰੀਅਲ ਟਾਈਮ ਮੋਨੀਟਰਿੰਗ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵਲੋਂ ਪ੍ਰਧਾਨ ਮੰਤਰੀ ਦੀ 17 ਜੁਲਾਈ ਨੂੰ ਪੰਜਾਬ ਫੇਰੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਡਾ. ਬਲਬੀਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਵਿਤਕਰਾ ਬੰਦ ਕਰੇ ਅਤੇ ਇਸ ਫੇਰੀ ਤੋਂ ਪਹਿਲਾਂ ਪਿਛਲੇ ਸਾਲ ਆਏ ਹੜ੍ਹ ਪੀੜਤਾਂ ਲਈ ਐਲਾਨੀ ਰਾਸ਼ੀ, ਪੰਜਾਬ ਦੇ ਰੁਕੇ ਦਿਹਾਤੀ ਵਿਕਾਸ ਫ਼ੰਡਾਂ ਸਮੇਤ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਘਟਾਏ ਫ਼ੰਡ ਤੁਰੰਤ ਜਾਰੀ ਕਰੇ। ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ. ਡੀ. ਸੀ. ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਡਾ. ਅਮਨਦੀਪ ਸਿੰਘ ਬਖ਼ਸ਼ੀ, ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨ ਗੁਰਸ਼ਰਨ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਲੱਕੀ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਸਮੇਤ ਡਰੇਨੇਜ, ਸਿੰਚਾਈ, ਜਲ ਸਪਲਾਈ, ਪਸ਼ੂ ਪਾਲਨ ਸਮੇਤ ਹੋਰ ਵਿਭਾਗਾਂ ਨਾਲ ਹੜ੍ਹਾਂ ਤੋਂ ਬਚਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੈਠਕ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹਾਂ ਤੋਂ ਬਚਾਅ ਲਈ ਸਾਰੇ ਪ੍ਰਬੰਧ ਪੁਖਤੇ ਕਰ ਲਏ ਹਨ ਤੇ ਹੜ੍ਹ ਕੰਟਰੋਲ ਰੂਮ 0175-2350550 ਤੇ 2385550 ਨਿਰੰਤਰ ਕਾਰਜਸ਼ੀਲ ਹੈ ਤੇ ਜ਼ਿਲ੍ਹੇ ’ਚ ਪਹਿਲੀ ਵਾਰ ਇਕ ਵਟਸਐਪ ਨੰਬਰ ਵੀ ਜਲਦੀ ਜਾਰੀ ਕੀਤਾ ਜਾਵੇਗਾ।
ਲੋਕ ਹੜ੍ਹਾਂ ਬਾਰੇ ਕੋਈ ਚਿੰਤਾ ਨਾ ਕਰਨ, ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ-ਸਿਹਤ ਮੰਤਰੀ
ਅਜੀਤ ਡੈਸਕ
17-07-2026