ਪਟਿਆਲਾ, 26 ਜੁਲਾਈ (ਗੁਰਵਿੰਦਰ ਸਿੰਘ ਔਲਖ)-ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਚ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ’ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਕਰੀਬ 45 ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਮੂਲੀਅਤ ਕਰਕੇ ਆਪਣੀਆਂ ਰਚਨਾਵਾਂ ਰਾਹੀਂ ਸਾਵਣ ਦੇ ਰੰਗਾਂ, ਕੁਦਰਤ ਦੀ ਸੁੰਦਰਤਾ ਤੇ ਮਨੁੱਖੀ ਭਾਵਨਾਵਾਂ ਦਾ ਮਨਮੋਹਕ ਚਿੱਤਰ ਪੇਸ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਤ੍ਰਿਵੇਣੀ ਸਾਹਿਤ ਪਰਿਸ਼ਦ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਕੀਤੀ। ਉਨ੍ਹਾਂ ਦੇ ਨਾਲ ਨਿਰਮਲਾ ਗਰਗ, ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਕੁਲਵੰਤ ਨਾਰੀਕੇ, ਡਾ. ਰਵੀ ਭੂਸ਼ਣ ਅਤੇ ਉੱਘੇ ਸਾਹਿਤਕਾਰ ਰਣਜੀਤ ਆਜ਼ਾਦ ਕਾਂਝਲਾ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਆਪਣੇ ਸਵਾਗਤੀ ਸੰਬੋਧਨ ਦੌਰਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਨਵੀਂ ਊਰਜਾ ਪ੍ਰਦਾਨ ਕਰਦੇ ਹਨ। ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਵਲੋਂ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ “ਮੈਂ ਰਾਹਾਂ ਤੇ ਨਹੀਂ ਤੁਰਦਾ” ਨੂੰ ਸੁਰੀਲੇ ਅੰਦਾਜ਼ ਵਿਚ ਪੇਸ਼ ਕਰਕੇ ਕੀਤਾ, ਜਿਸ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ। ਕਵੀ ਦਰਬਾਰ ਦੌਰਾਨ ਕ੍ਰਿਸ਼ਨ ਲਾਲ ਧੀਮਾਨ, ਬਲਜੀਤ ਸਿੰਘ, ਰੋਹਿਤ ਰਿਸ਼ੀ, ਰਾਕੇਸ਼ ਜਲੋਤਰਾ, ਜੱਗਾ ਰੰਗੂਵਾਲ, ਇੰਸ਼ਾਦ ਖਡਿਆਲਵੀ, ਮਨਦੀਪ ਮੈਂਡੀ, ਸਾਗਰ ਸੂਦ, ਸੰਜੇ ਤ੍ਰਿਲੋਕ ਢਿੱਲੋਂ, ਰਣਜੀਤ ਸਿੰਘ, ਕ੍ਰਿਪਾਲ ਸਿੰਘ ਮੂਣਕ, ਨਵਦੀਪ ਮੁੰਡੀ, ਰਾਜੇਸ਼ਵਰ ਕੁਮਾਰ, ਡਾ. ਅਸ਼ੋਕ ਖੁਰਾਣਾ, ਕਿਰਨ ਸਿੰਗਲਾ, ਜਸਵਿੰਦਰ ਕੌਰ, ਪ੍ਰੋ. ਸਤਵੰਤ ਕੌਰ, ਗੁਰਸੇਵ ਕੌਰ ਨਹਿਲ, ਸੰਦੀਪ ਕੌਰ ਸਿੱਧੂ, ਹਰਪ੍ਰੀਤ ਕੌਰ, ਸਿਮਰਨ ਕੌਰ, ਸਰਵਣ ਕੁਮਾਰ ਵਰਮਾ, ਰਾਜਬੀਰ ਸਿੰਘ ਮੱਲ੍ਹੀ, ਰਾਮ ਸਿੰਘ ਬੰਗ, ਗੁਰਦੀਪ ਸਿੰਘ ਸੱਗੂ, ਬਲਬੀਰ ਦਿਲਦਾਰ, ਕੁਲਵੰਤ ਸੈਦੋਕੇ, ਡਾ. ਜੀ. ਐੱਸ. ਆਨੰਦ, ਜਗਤਾਰ ਨਿਮਾਣਾ, ਹਰਦੀਪ ਸੱਭਰਵਾਲ, ਗੁਰਪ੍ਰੀਤ ਢਿੱਲੋਂ, ਹਰੀਸ਼ ਹਰਫ਼, ਚਰਨ ਪੁਆਧੀ, ਨਿਰਮਲਾ ਗਰਗ, ਰਣਜੀਤ ਆਜ਼ਾਦ ਕਾਂਝਲਾ, ਡਾ. ਰਵੀ ਭੂਸ਼ਣ ਅਤੇ ਮੰਗਤ ਖ਼ਾਨ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਇੰਦਰਪ੍ਰੀਤ ਸਿੰਘ, ਬਹਾਦਰ ਸਿੰਘ, ਊਸ਼ਾ ਕਿਰਨ, ਸਤਵਿੰਦਰ ਕੌਰ ਅਤੇ ਰਾਜੇਸ਼ ਕੋਟੀਆ ਨੇ ਸਰੋਤਿਆਂ ਵਜੋਂ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤ ਵਿਚ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਸਾਰੇ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਪਣੀ ਇਕ ਪ੍ਰਭਾਵਸ਼ਾਲੀ ਗ਼ਜ਼ਲ ਵੀ ਪੇਸ਼ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਅੰਤ ’ਚ ਸਾਵਣ ਦੇ ਰਵਾਇਤੀ ਪਕਵਾਨ ਖੀਰ-ਪੂੜਿਆਂ ਦਾ ਸਾਂਝਾ ਲੰਗਰ ਲਗਾਇਆ। ਸਾਹਿਤਕਾਰਾਂ ਦੇ ਭਰਪੂਰ ਸਹਿਯੋਗ ਤੇ ਸਰੋਤਿਆਂ ਦੇ ਉਤਸ਼ਾਹ ਕਾਰਨ ਇਹ ਸਾਵਣ ਕਵੀ ਦਰਬਾਰ ਸਾਹਿਤ ਪ੍ਰੇਮੀਆਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ।