ਬਨੂੜ, 29 ਜੁਲਾਈ (ਭੁਪਿੰਦਰ ਸਿੰਘ)- ਬਰਨਾਲਾ ਵਿਖੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਤੇ ਪੁਲਿਸ ਵਲੋਂ ਕੀਤੇ ਗਏ ਅੰਨੇਵਾਹ ਲਾਠੀਚਾਰਜ ਦੇ ਰੋਸ ਵਜੋਂ ਸਫਾਈ ਸੇਵਕਾਂ ਨੇ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ ਤਸ਼ਦੱਦ ਢਾਉਣ ਵਾਲੇ ਪੁਲਿਸ ਅਫਸਰਾਂ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ। ਰੋਸ ਮਾਰਚ ਦੌਰਾਨ ਸਫ਼ਾਈ ਸੇਵਕਾਂ ਨੇ 30 ਜੁਲਾਈ ਨੂੰ ਪੰਜਾਬ ਬੰਦ ਦੀ ਦਿੱਤੀ ਕਾਲ ਦੌਰਾਨ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਉਨ੍ਹਾਂ ਦੇ ਸਮਰਥਨ ਵਿਚ ਆਉਣ ਦੀ ਅਪੀਲ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਹੋਏ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੋਹਿਤ ਕੁਮਾਰ, ਰਾਜੇਸ਼ ਕੁਮਾਰ, ਦਲੀਪ ਕੁਮਾਰ, ਰੋਹਿਤ ਮੱਟੂ, ਲੱਖੀ, ਵੀਰ ਚੰਦ ਗੀਂਗੀ, ਮੁਕੇਸ਼ ਕੁਮਾਰ, ਬਿਕਰਮਜੀਤ ਵਿੱਕੀ, ਦੀਪਕ ਕੁਮਾਰ, ਧਰਮਿੰਦਰ ਕੁਮਾਰ ਅਤੇ ਹੋਰ ਕਰਮਚਾਰੀਆਂ ਨੇ ਕਿਹਾ ਕਿ ਬੀਤੇ ਦਿਨੀ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਤੇ ਸੂਬਾ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੰਨੇਵਾਹ ਲਾਠੀਚਾਰਜ ਕੀਤਾ ਗਿਆ ਸੀ। ਜਿਸ ਦੇ ਰੋਸ਼ ਵਜੋਂ ਸਫ਼ਾਈ ਸੇਵਕ ਪਿਛਲੇ 4 ਦਿਨਾਂ ਤੋਂ ਅਣਮਿੱਥੇ ਸਮੇ ਦੀ ਹੜਤਾਲ ਕਰਕੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਦੌਰਾਨ ਅੱਜ ਸਫਾਈ ਸੇਵਕਾਂ ਨੇ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਦੇ ਹੋਏ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ 30 ਜੁਲਾਈ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੌਰਾਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸਾਂਮ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਉਨ੍ਹਾਂ ਦੇ ਧਰਨੇ ਨੂੰ ਸਫ਼ਲ ਬਣਾਉਣ ਲਈ ਵਪਾਰੀਆਂ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ। ਕਿ ਉਹ ਇਸ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਸੂਬਾ ਸਰਕਾਰ ਉੱਤੇ ਦਬਾਅ ਪਾ ਕੇ ਸਫ਼ਾਈ ਸੇਵਕਾਂ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਰਖਾਸਤ ਕਰਵਾਇਆ ਜਾ ਸਕੇ। ਇਸ ਮੌਕੇ ਲੱਕੀ ਕੁਮਾਰ, ਪਵਨ ਕੁਮਾਰ, ਜੋਨੀ ਕੁਮਾਰ, ਸੋਮਾ ਦੇਵੀ, ਗੀਤਾ ਰਾਣੀ, ਸਾਮੋਂ ਦੇਵੀ, ਕਮਲੇਸ਼ ਰਾਣੀ, ਸੱਤਿਆ ਦੇਵੀ, ਨੀਲਮ ਰਾਣੀ, ਰਜੇਸ਼ ਖੰਨਾ, ਦਲੀਪ ਕੁਮਾਰ, ਰਜੇਸ਼ ਬਿੱਲੂ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਮੌਜੂਦ ਸਨ।
ਬਨੂੜ ਵਿਖੇ ਸਫ਼ਾਈ ਸੇਵਕਾਂ ਨੇ ਕੱਢਿਆ ਰੋਸ ਮਾਰਚ ਤੇ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
30-07-2026