ਨਾਭਾ, 29 ਜੁਲਾਈ (ਵਰਿੰਦਰ ਵਰਮਾ)-ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਸੇ ਨੂੰ ਸਮਰਪਿਤ ਵਿਸ਼ਾਲ ਸੱਭਿਆਚਾਰਕ ਸਮਾਗਮ “ਤੀਆਂ ਨਾਭੇ ਦੀਆਂ” ਦਾ ਆਯੋਜਨ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ 5 ਅਗਸਤ ਦਿਨ ਬੁੱਧਵਾਰ ਨੂੰ ਦੁਪਹਿਰ 12:30 ਵਜੇ ਵਿਸ਼ਵਕਰਮਾ ਭਵਨ, ਭਾਦਸੋਂ ਰੋਡ, ਨਾਭਾ ਵਿਖੇ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਗੁਰਪ੍ਰੀਤ ਕੌਰ ਮਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਵਿਸ਼ੇਸ਼ ਤੌਰ ֹ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਹਾਜ਼ਰੀ ਭਰਨਗੇ। ਇਸ ਮੌਕੇ ਸਮਾਗਮ ਦੌਰਾਨ ਪੰਜਾਬੀ ਲੋਕ ਗਾਇਕਾ ਅਮਰ ਨੂਰੀ, ਸੁੱਚਾ ਰੰਗੀਲਾ–ਮਨਜੀਤ ਸੋਹੀ ਅਤੇ ਹੋਰ ਪ੍ਰਸਿੱਧ ਕਲਾਕਾਰ ਆਪਣੀਆਂ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਤੀਆਂ ਨਾਲ ਸੰਬੰਧਿਤ ਸੱਭਿਆਚਾਰਕ ਪ੍ਰੋਗਰਾਮ, ਲੋਕ ਗੀਤ, ਗਿੱਧਾ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਵੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਇਲਾਕੇ ਦੀਆਂ ਸਮੂਹ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਇਸ ਸੱਭਿਆਚਾਰਕ ਮੇਲੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਅਮੀਰ ਸੱਭਿਆਚਾਰ, ਲੋਕ ਵਿਰਸੇ ਅਤੇ ਤੀਆਂ ਦੇ ਤਿਉਹਾਰ ਨੂੰ ਰਲ ਮਿਲ ਕੇ ਮਨਾਇਆ ਜਾ ਸਕੇ। ਇਹ ਸਮਾਗਮ ਹਲਕਾ ਨਾਭਾ ਵਿਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਲੋਕ ਰਵਾਇਤਾਂ ਨੂੰ ਅੱਗੇ ਵਧਾਉਣ ਲਈ ਇਕ ਵਿਸ਼ੇਸ਼ ਉਪਰਾਲਾ ਸਾਬਤ ਹੋਵੇਗਾ।