ਪਟਿਆਲਾ, 1 ਅਗਸਤ (ਅ. ਸ. ਆਹਲੂਵਾਲੀਆ)-ਵਿਸ਼ਵ ਛਾਤੀ ਦਾ ਦੁੱਧ ਹਫ਼ਤੇ ਦੇ ਸੰਬੰਧ ’ਚ ਸੀ. ਐਚ. ਸੀ. ਮਾਡਲ ਟਾਊਨ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ, ਬਾਲ ਰੋਗ ਮਾਹਿਰ ਡਾ. ਰਾਜੀਵ ਟੰਡਨ, ਡਾ. ਜੈਸਮੀਨ ਤੇ ਬਲਵਿੰਦਰ ਕੌਰ ਸਮੇਤ ਸਟਾਫ ਨਰਸਾਂ, ਆਸ਼ਾ ਵਰਕਰਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਮਾਵਾਂ ਨੂੰ ਪਹਿਲੇ 6 ਮਹੀਨੇ ਸਿਰਫ਼ ਛਾਤੀ ਦਾ ਦੁੱਧ ਪਿਲਾਉਣ ਦੇ ਮਹੱਤਵ, ਛਾਤੀ ਦੇ ਦੁੱਧ ਦੇ ਬੱਚੇ ਦੀ ਸਿਹਤ ਤੇ ਇਮਿਊਨਿਟੀ ਲਈ ਫਾਇਦੇ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਸੰਤੁਲਿਤ ਪੋਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਆਈ. ਈ. ਸੀ. ਸਮੱਗਰੀ, ਪਰਚੇ ਤੇ ਪੋਸ਼ਣ ਸੰਬੰਧੀ ਡਾਈਟ ਪਲੇਟ ਵੀ ਪ੍ਰਦਰਸ਼ਿਤ ਕੀਤੀ ਗਈ ਤਾਂ ਜੋ ਮਾਵਾਂ ਨੂੰ ਸਹੀ ਖੁਰਾਕ ਬਾਰੇ ਸਮਝਾਇਆ ਜਾ ਸਕੇ। ਡਾ. ਲਵਕੇਸ਼ ਕੁਮਾਰ ਨੇ ਕਿਹਾ ਕਿ ‘ਛਾਤੀ ਦਾ ਦੁੱਧ-ਬੱਚੇ ਦੀ ਪਹਿਲੀ ਵੈਕਸੀਨ ਹੈ’ ਤੇ ਸਮਾਜ ਨੂੰ ਮਾਵਾਂ ਨੂੰ ਛਾਤੀ ਦਾ ਦੁੱਧ ਪਿਲਾਉਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਡਾ. ਰਾਜੀਵ ਟੰਡਨ ਨੇ ਬੱਚਿਆਂ ਦੇ ਸਹੀ ਵਿਕਾਸ ਲਈ ਛਾਤੀ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ’ਚ ਭਾਗ ਲੈਣ ਵਾਲੀਆਂ ਸਾਰੀਆਂ ਮਾਵਾਂ ਨੂੰ ਜਾਣਕਾਰੀ ਭਰਪੂਰ ਪਰਚੇ ਵੰਡੇ ਗਏ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।