ਪੰਜਾਬ ’ਚ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਕੋਈ ਸਿਆਸੀ ਏਜੰਡਾ ਨਹੀਂ- ਐਡਵੋਕੇਟ ਖੱਟੜਾ
ਭਾਦਸੋਂ, 19 ਸਤੰਬਰ (ਪ੍ਰਦੀਪ ਦੰਦਰਾਲਾ)-ਪਠਾਨਕੋਟ ਤੋਂ ਸ਼ੁਰੂ ਹੋ ਕੇ ਪੰਜਾਬ ਦੇ 117 ਹਲਕਿਆਂ ਦੇ ਪਿੰਡ-ਪਿੰਡ, ਸ਼ਹਿਰ ਸ਼ਹਿਰ ਵਿਚੋਂ ਹੋ ਕੇ ਗੁਜ਼ਰਨ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਭਾਰਤੀ ਜਨਤਾ ਪਾਰਟੀ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਬਲਕਿ ਇਹ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੁੂੰ ਠੱਲ੍ਹਣ ਲਈ ਭਾਜਪਾ ਵਲੋਂ ਚੁੱਕਿਆ ਜਾ ਰਿਹਾ ਤਕੜਾ ਕਦਮ ਹੈ।
ਭਾਦਸੋਂ, 19 ਸਤੰਬਰ (ਪ੍ਰਦੀਪ ਦੰਦਰਾਲਾ)-ਪਠਾਨਕੋਟ ਤੋਂ ਸ਼ੁਰੂ ਹੋ ਕੇ ਪੰਜਾਬ ਦੇ 117 ਹਲਕਿਆਂ ਦੇ ਪਿੰਡ-ਪਿੰਡ, ਸ਼ਹਿਰ ਸ਼ਹਿਰ ਵਿਚੋਂ ਹੋ ਕੇ ਗੁਜ਼ਰਨ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਭਾਰਤੀ ਜਨਤਾ ਪਾਰਟੀ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਬਲਕਿ ਇਹ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੁੂੰ ਠੱਲ੍ਹਣ ਲਈ ਭਾਜਪਾ ਵਲੋਂ ਚੁੱਕਿਆ ਜਾ ਰਿਹਾ ਤਕੜਾ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦਿਹਾਤੀ ਹਲਕੇ ਦੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਇੱਥੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਸ਼ੁੱਧ ਖਾਧ ਖੁਰਾਕਾਂ, ਮੇਲਿਆਂ, ਛਿੰਝਾਂ ਅਤੇ ਜ਼ੋਰ ਜਾਨ ਵਾਲੇ ਕੰਮ ਕਰਨ ਵਾਲੇ ਪੰਜਾਬ ਨੂੰ ਪਤਾ ਨਹੀਂ ਕਿਸਦੀ ਨਜ਼ਰ ਲੱਗੀ ਹੈ ਕਿ ਨੌਜਵਾਨ ਪੀੜ੍ਹੀ ਬੇਕਾਰੀ ਤੇ ਬੇਰੁਜ਼ਗਾਰੀ ਦੀ ਝੰਬੀ ਹੋਈ ਨਸ਼ਿਆਂ ਵਿਚ ਗਲਤਾਨ ਹੋ ਕੇ ਰਹਿ ਗਈ ਹੈ। ਜਿਸ ਕਰਕੇ ਮਾਪੇ ਮਜਬੂਰੀਵਸ ਆਪਣੇ ਲਾਡਲਿਆਂ ਨੂੰ ਲੱਖਾਂ ਰੁਪਏ ਖਰਚ ਕੇ ਆਪਣੀਆਂ ਅੱਖਾਂ ਤੋਂ ਦੂਰ ਕਰਕੇ ਵਿਦੇਸ਼ਾਂ ਵੱਲ ਤੋਰ ਰਹੇ ਹਨ ਤਾਂ ਜੋ ਉਹ ਨਸ਼ਿਆਂ ਦੇ ਇਸ ਕਾਲੇ ਪਰਛਾਵੇਂ ਤੋਂ ਬਚ ਸਕਣ। ਐਡਵੋਕੇਟ ਖੱਟੜਾ ਨੇ ਅੱਗੇ ਕਿਹਾ ਕਿ ਇਸ ਯਾਤਰਾ ਵਿਚ ਸ਼ਮੂਲੀਅਤ ਕਰਨਾ ਹਰ ਜ਼ਿੰਮੇਵਾਰ ਪੰਜਾਬੀ ਦਾ ਫਰਜ਼ ਬਣਦਾ ਹੈ ਤਾਂ ਜੋ ਅਸੀਂ ਇਹ ਸੁਨੇਹਾ ਦੇ ਸਕੀਏ ਕਿ ਇਸ ਅਲਾਮਤ ਵਿਰੁੱਧ ਅਸੀਂ ਸਾਰੇ ਇਕਜੁੱਟ ਹਾਂ। ਉਨ੍ਹਾਂ ਪਟਿਆਲਾ ਦਿਹਾਤੀ ਹਲਕੇ ਦੀ ਅਵਾਮ ਨੂੰ ਅਪੀਲ ਕੀਤੀ ਕਿ 28 ਸਤੰਬਰ ਨੂੰ ਇਹ ਯਾਤਰਾ ਆਪਣੇ ਹਲਕੇ ਵਿਚ ਪਹੁੰਚੇਗੀ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਭਾਰੀ ਗਿਣਤੀ ਵਿਚ ਇਸ ਯਾਤਰਾ ਵਿਚ ਸ਼ਾਮਲ ਹੋਈਏ। ਇਸ ਮੌਕੇ ਭਾਜਪਾ ਦੇ ਬੁਲਾਰੇ ਯੁਵਰਾਜ ਸ਼ਰਮਾ, ਆਈ.ਟੀ. ਸੈੱਲ ਦੇ ਇੰਚਾਰਜ ਹਰਪ੍ਰੀਤ ਭੰਵਰਾ, ਸਰਕਲ ਆਲੋਵਾਲ ਦੇ ਪ੍ਰਧਾਨ ਗੁਰਭਜਨ ਸਿੰਘ ਲਚਕਾਣੀ, ਖੱਟੜਾ ਦੇ ਮੀਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਪੀ.ਏ. ਤਰਸੇਮ ਸਿੰਘ ਕੋਟਲੀ, ਰਿੰਕੂ ਸਰਾਓ, ਯੂਥ ਆਗੂ ਜੱਗੀ ਲੰਗ, ਤਰਸੇਮ ਸਿੰਘ ਸਿਊਨਾ, ਇੰਦਰਜੀਤ ਸਿੰਘ, ਜਿੰਦਰ ਸਿੰਘ ਅਤੇ ਦਰਜਨ ਦੇ ਕਰੀਬ ਹੋਰ ਭਾਜਪਾ ਵਰਕਰ ਹਾਜ਼ਰ ਸਨ।