ਸਰਕਾਰੀ ਸਕੂਲ ਦੀ ਕਾਰਜਨੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ’ ਚ ਜਿੱਤੇ ਦੋ ਸੋਨ ਤਗਮੇ
ਰਾਜਪੁਰਾ, 2 ਅਕਤੂਬਰ (ਜੀ. ਪੀ.
ਰਾਜਪੁਰਾ, 2 ਅਕਤੂਬਰ (ਜੀ. ਪੀ. ਸਿੰਘ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਮੁਕਾਬਲਿਆਂ ’ਚ ਰਾਜਪੁਰਾ ਦੀ ਹੋਣਹਾਰ ਸਕੇਟਰ ਕਾਰਜਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗਮੇ ਜਿੱਤ ਕੇ ਰਾਜਪੁਰਾ ਸ਼ਹਿਰ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰਕੀਟੈਕਟ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਾਰਜਨੀਤ ਕੌਰ ਪੀ. ਐੱਮ. ਸ਼੍ਰੀ ਸਰਕਾਰੀ ਹਾਈ ਸਕੂਲ ਪਿੰਡ ਢਕਾਣਸੂ ਕਲਾਂ ਵਿਖੇ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਜ਼ਿਲ੍ਹਾ ਪਟਿਆਲਾ ਵਿਖੇ ਹੋਏ ਰੋਲਰ ਸਕੇਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਰਿੰਕ ਰੇਸ 1000 ਮੀਟਰ ਤੇ ਰੋਡ ਰੇਸ 2000 ਮੀਟਰ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਦੋਵੇਂ ਮੁਕਾਬਲਿਆਂ ਵਿਚ ਸੋਨੇ ਦੇ ਤਗਮੇ ਆਪਣੇ ਨਾਂਅ ਕੀਤੇ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਕਾਰਜਨੀਤ ਕੌਰ ਦੀ ਚੋਣ ਹੁਣ ਸੂਬਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਮੁਕਾਬਲਿਆਂ ਲਈ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਾਰਜਨੀਤ ਕੌਰ ਰੋਲਰ ਸਕੇਟਿੰਗ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਵਿਚ ਕਈ ਤਗਮੇ ਜਿੱਤ ਚੁੱਕੀ ਹੈ। ਇਸ ਮੌਕੇ ਸਕੂਲ ਦੇ ਹੈੱਡ ਟੀਚਰ, ਸਟਾਫ਼ ਅਤੇ ਕੋਚ ਅਮਨਦੀਪ ਸਿੰਘ ਨੇ ਕਾਰਜਨੀਤ ਕੌਰ ਨੂੰ ਦੋ ਸੋਨ ਤਗਮੇ ਜਿੱਤਣ ’ਤੇ ਵਧਾਈ ਦਿੱਤੀ ਅਤੇ ਉਸ ਨੂੰ ਭਵਿੱਖ ਵਿਚ ਹੋਰ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।