ਵਾਈ.ਐਸ.ਪੀ.ਏ. ਪੰਜਾਬ ਯੂਥ ਸਟੇਟ ਚੈਂਪੀਅਨਸ਼ਿਪ ’ਚ ਡਾ. ਬੀ.ਐੱਸ. ਸੰਧੂ ਸਕੂਲ ਦੀ ਹੋਈ ਸ਼ਾਨਦਾਰ ਜਿੱਤ
ਦੇਵੀਗੜ੍ਹ, 2 ਨਵੰਬਰ (ਰਾਜਿੰਦਰ ਸਿੰਘ ਮੌਜੀ)- ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈ ਵਾਈ ਐਸ. ਪੀ.
ਦੇਵੀਗੜ੍ਹ, 2 ਨਵੰਬਰ (ਰਾਜਿੰਦਰ ਸਿੰਘ ਮੌਜੀ)- ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈ ਵਾਈ ਐਸ.ਪੀ.ਏ. ਪੰਜਾਬ ਯੂਥ ਸਟੇਟ ਚੈਂਪੀਅਨਸ਼ਿਪ ਵਿਚ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ ਦੇ ਵਿਦਿਆਰਥੀਆਂ ਨੇ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦੀ ਬਦੌਲਤ ਪੂਰੀ ਚੈਂਪੀਅਨਸ਼ਿਪ ਵਿਚ ਓਵਰਆਲ ਸੈਕਿੰਡ ਰਨਰਅੱਪ ਦੀ ਟਰਾਫ਼ੀ ਆਪਣੇ ਨਾਮ ਕੀਤੀ। ਇਨ੍ਹਾਂ ਖੇਡਾਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਵੰਨਗੀਆਂ ਵਿਚ ਝੰਡੇ ਗੱਡਦਿਆਂ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਕਰਾਟੇ ਖੇਡ ਮੁਕਾਬਲੇ ਵਿਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਕੁੱਲ 6 ਸੋਨੇ ਦੇ ਤਗਮੇ ਆਪਣੇ ਨਾਮ ਕੀਤੇ ਜਿਨ੍ਹਾਂ ਵਿਚ 3 ਲੜਕੇ ਅਤੇ 3 ਲੜਕੀਆਂ ਸ਼ਾਮਲ ਹਨ। ਇਸੇ ਤਰ੍ਹਾਂ ਵਾਲੀਬਾਲ ਅੰਡਰ-17 ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਤੇ ਅੰਡਰ-11 ਕਬੱਡੀ ਟੀਮ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦਿਆਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੀ ਇਸ ਬੇਮਿਸਾਲ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਸਾਂਝੇ ਤੌਰ ’ਤੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਤੇ ਖਿਡਾਰਨਾਂ ਦੀ ਇਸ ਵੱਡੀ ਸਫ਼ਲਤਾ ’ਤੇ ਬਹੁਤ ਮਾਣ ਹੈ। ਪੋਲੋ ਗਰਾਊਂਡ ਵਿਖੇ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਇਕੋ ਸਮੇਂ ਕਰਾਟੇ, ਵਾਲੀਬਾਲ ਤੇ ਕਬੱਡੀ ਵਿਚ ਪਹਿਲੇ ਸਥਾਨ, ਸੋਨ ਤਗਮੇ ਤੇ ਓਵਰਆਲ ਸੈਕਿੰਡ ਰਨਰਅੱਪ ਟਰਾਫ਼ੀ ਜਿੱਤਣਾ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਖੇਡ ਅਧਿਆਪਕਾਂ ਦੇ ਕੁਸ਼ਲ ਮਾਰਗਦਰਸ਼ਨ ਦਾ ਨਤੀਜਾ ਹੈ। ਸਾਡਾ ਸਕੂਲ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਉੱਚੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਮੇਸ਼ਾ ਵਚਨਬੱਧ ਹੈ। ਅਸੀਂ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਹਾਰਦਿਕ ਵਧਾਈ ਦਿੰਦੇ ਹਾਂ ਤੇ ਖਿਡਾਰੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ। ਸਕੂਲ ਪਹੁੰਚਣ ’ਤੇ ਸਾਰੇ ਜੇਤੂ ਖਿਡਾਰੀਆਂ ਅਤੇ ਟਰਾਫ਼ੀ ਜਿੱਤ ਕੇ ਆਈ ਟੀਮ ਦਾ ਸਕੂਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ।