ਪੰਜਾਬੀ ’ਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਕੈਂਪਸ ਸਥਿਤ ਗੁਰੂਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਕੈਂਪਸ ਦੀਆਂ ਵੱਖ-ਵੱਖ ਥਾਵਾਂ ‘ਤੇ ਪੁੱਜਿਆ।
ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਕੈਂਪਸ ਸਥਿਤ ਗੁਰੂਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਕੈਂਪਸ ਦੀਆਂ ਵੱਖ-ਵੱਖ ਥਾਵਾਂ ‘ਤੇ ਪੁੱਜਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਆਪਣੇ ਦਫ਼ਤਰ ਪੁੱਜਣ ‘ਤੇ ਇਸ ਨਗਰ ਕੀਰਤਨ ਦਾ ਸ਼ਰਧਾ ਅਤੇ ਸਤਿਕਾਰ ਨਾਲ਼ ਸਵਾਗਤ ਕੀਤਾ ਗਿਆ। ਸਮੂਹ ਸੰਗਤ, ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ਼ ਸਜਾਏ ਇਸ ਨਗਰ ਕੀਰਤਨ ਦੀ ਆਰੰਭਤਾ ਸਵੇਰੇ ਸਵਾ ਨੌ ਵਜੇ ਵਜੇ ਗੁਰਦੁਆਰਾ ਸਾਹਿਬ ਵਿਖੇ ਹੋਈ ਅਰਦਾਸ ਉਪਰੰਤ ਹੋਈ। ਇਸ ਤੋਂ ਪਹਿਲਾਂ ਸਵੇਰੇ ਢਾਡੀ ਜਥਿਆਂ ਵੱਲੋਂ ਗੁਰ-ਇਤਿਹਾਸ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ ਇਹ ਨਗਰ ਕੀਰਤਨ ਕੈਂਪਸ ਦੇ ਵੱਖ-ਵੱਖ ਪੜਾਵਾਂ ਮੰਦਿਰ ਚੌਕ, ਈ-ਟਾਈਪ ਘਰ, ਗੋਲ ਮਾਰਕਿਟ ਵੇਰਕਾ ਬੂਥ, ਪ੍ਰਬੰਧਕੀ ਬਲਾਕ-1 (ਪ੍ਰੀਖਿਆ ਸ਼ਾਖਾ), ਮੁੱਖ ਲਾਇਬ੍ਰੇਰੀ, ਤੀਰ-ਅੰਦਾਜ਼ੀ ਚੌਕ, ਬੀ.ਆਰ. ਅੰਬੇਦਕਰ ਨਿਵਾਸ (ਹੋਸਟਲ ਨੰਬਰ 07), ਸ਼ਹੀਦ ਭਗਤ ਸਿੰਘ ਨਿਵਾਸ (ਹੋਸਟਲ ਨੰਬਰ 06), ਭਾਈ ਵੀਰ ਸਿੰਘ ਨਿਵਾਸ (ਹੋਸਟਲ ਨੰਬਰ 05) ਅਤੇ ਸੀ.ਸੀ. ਵਿਭਾਗ ਤੋਂ ਹੁੰਦਾ ਹੋਇਆ ਹੋਮੀ ਭਾਬਾ ਨਿਵਾਸ, ਭਗਤ ਪੂਰਨ ਸਿੰਘ ਨਿਵਾਸ ਅਤੇ ਯੂਨੀਵਰਸਿਟੀ ਮਾਡਲ ਸਕੂਲ ਚੌਕ ਵਿਖੇ ਪਹੁੰਚਿਆ। ਇਸ ਉਪਰੰਤ ਟੀ-ਪੁਆਇੰਟ, ਭੌਤਿਕ ਤੇ ਰਸਾਇਣ ਵਿਗਿਆਨ ਵਿਭਾਗ ਦੇ ਸਾਹਮਣੇ, ਵਾਈਸ ਚਾਂਸਲਰ ਦਫ਼ਤਰ/ਗੁਰੂ ਗੋਬਿੰਦ ਸਿੰਘ ਭਵਨ, ਡੀਨ ਅਕਾਦਮਿਕ ਤੇ ਰਜਿਸਟਰਾਰ ਦਫ਼ਤਰ, ਗੋਲ ਮਾਰਕਿਟ, ਬਾਇਓਟੈਕਨਾਲੋਜੀ ਤੇ ਫਾਰਮੇਸੀ ਵਿਭਾਗ ਵਾਲੀ ਸੜਕ, ਲੜਕੀਆਂ ਦੇ ਹੋਸਟਲ ਨੰਬਰ 1 , 2, 3 ਅਤੇ 4 ਤੋਂ ਹੁੰਦਾ ਹੋਇਆ, ਯੂਕੋ ਤੇ ਐੱਮ.ਬੀ.ਏ. ਚੌਕ, ਬਾਬਾ ਬੰਦਾ ਸਿੰਘ ਬਹਾਦਰ ਨਿਵਾਸ ਅਤੇ ਗੁਰਮਤਿ ਸੰਗੀਤ ਭਵਨ ਪੁੱਜਿਆ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ‘ਤੇ ਢਾਡੀ ਜਥਿਆਂ ਨੇ ਗੁਰਮਤਿ ਵਿਚਾਰਾਂ ਅਤੇ ਬੀਰ-ਰਸੀ ਵਾਰਾਂ ਪੇਸ਼ ਕੀਤੀਆਂ, ਜਦਕਿ ਗੱਤਕਾ ਪਾਰਟੀਆਂ ਵੱਲੋਂ ਸਿੱਖ ਸ਼ਸਤਰ ਕਲਾ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਸਮੁੱਚੇ ਯੂਨੀਵਰਸਿਟੀ ਕੈਂਪਸ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ‘ਤੇ ਚਾਹ-ਪਾਣੀ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।