ਫ਼ਰੀਦਕੋਟ, 2 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਲਗਾਤਾਰ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਜਿਸ ਤਹਿਤ ਥਾਣਾ ਜੈਤੋ ਵਲੋਂ ਇਕ ਦੋਸ਼ੀ ਨੂੰ 90 ਗੱਟੂ ਚਾਈਨਾ ਡੋਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਕਬਾਲ ਸਿੰਘ ਡੀ. ਐਸ. ਪੀ. (ਸਬ-ਡਵੀਜਨ) ਜੈਤੋ ਨੇ ਦੱਸਿਆ ਕਿ 31 ਦਸੰਬਰ ਨੂੰ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ: ਗੁਰਮੁੱਖ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਮੰਗਤ ਲਾਲ ਉਰਫ ਕਾਲਾ ਕਵਾੜੀਆ ਜੋ ਆਪਣੇ ਮਕਾਨ 'ਚ ਚਾਈਨਾ ਡੋਰ (ਪਲਾਸਟਿਕ ਡੋਰ) ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ਨਾਲ ਮਨੁੱਖੀ ਤੇ ਪਸ਼ੂ/ਪੰਛੀਆਂ ਦੀਆਂ ਜਾਨਾਂ ਨੂੰ ਖਤਰੇ ਵਿਚ ਪਾਉਂਦਾ ਹੈ | ਜਿਸ ਉਪਰੰਤ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਮੰਗਤ ਲਾਲ ਉਰਫ਼ ਕਾਲਾ ਕਵਾੜੀਆਂ ਪੁੱਤਰ ਅਮੀ ਚੰਦ, ਜੋ ਕਿ ਮੁਕਤਸਰ ਰੋਡ, ਜੈਤੋ ਦਾ ਰਿਹਾਇਸ਼ੀ ਹੈ, ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਸ ਪਾਸੋਂ ਚਾਈਨਾ ਡੋਰ ਦੇ 90 ਗੱਟੂ ਬਰਾਮਦ ਕੀਤੇ ਗਏ | ਇਸ ਸੰਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 217 ਦਰਜ ਰਜਿਸਟਰ ਕੀਤਾ ਗਿਆ ਹੈ |