ਦੋਦਾ, 2 ਜਨਵਰੀ (ਰਵੀਪਾਲ)-ਗਿੱਦੜਬਾਹਾ ਇਲਾਕੇ ਦੀਆਂ ਜਥੇਬੰਦੀਆਂ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਦੇਸੀ ਵਿਦੇਸ਼ੀ, ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ਪੱਖੀ ਅਤੇ ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਲਈ ਪਿੰਡ-ਪਿੰਡ 6ਵੇਂ ਦਿਨ ਵੀ ਝੰਡਾ ਮਾਰਚ ਕੀਤਾ | ਇਸ ਮਾਰਚ ਦੀ ਸ਼ੁਰੂਆਤ ਪਿੰਡ ਮੱਲਣ ਤੋਂ ਕਰਕੇ ਕੋਠੇ ਢਾਬਾਂ, ਕੋਠੇ ਚੀਦਿਆਂ ਵਾਲੇ, ਕੋਠੇ ਬਰੜੇਵਾਲੇ, ਕੋਠੇ ਕੇਸਰ ਸਿੰਘ ਵਾਲੇ ਕੋਠੇ ਨਾਈ ਵਾਲੇ (ਕੋਟਲੀ) ਪਿੰਡ ਕੋਟਲੀ ਅਬਲੂ, ਕੋਠੇ ਹਜੂਰੇ ਵਾਲੇ ਕੋਠੇ ਫਮਨ ਸਿੰਘ ਵਾਲੇ (ਕੋਟਲੀ) ਕੋਠੇ ਅਮਨਗੜ੍ਹ, ਮੱਲਣ, ਧੂਲਕੋਟ ਆਦਿ ਪਿੰਡਾਂ ਵਿਚ ਮਾਰਚ ਕੀਤਾ | ਵੱਖ-ਵੱਖ ਥਾਵਾਂ 'ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸਹਾਇਕ ਸਕੱਤਰ ਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਕੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਗ਼ਰੀਬ ਲੋਕਾਂ ਦੇ ਘਰਾਂ ਵਿਚ ਹਨੇਰਾ ਕਰਨ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਬੀਜ ਸੋਧ ਬਿੱਲ ਰਾਹੀਂ ਖੇਤੀ ਖੇਤਰ ਵਿਚ ਸਾਮਰਾਜੀ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਕਬਜ਼ਾ ਕਰਵਾ ਰਹੀ ਹੈ | ਮਨਰੇਗਾ ਨੂੰ ਖ਼ਤਮ ਕਰਕੇ ਗ਼ਰੀਬਾਂ ਦੇ ਚੁੱਲ੍ਹੇ ਠੰਢੇ ਕਰ ਰਹੀ ਹੈ ਅਤੇ ਕਿਰਤ ਕਾਨੂੰਨਾਂ 'ਚ ਸੋਧਾਂ ਕਰਕੇ ਮਜ਼ਦੂਰ ਵਰਗ ਨੂੰ ਮਿਲਦੀ ਨਾਂਮਾਤਰ ਸੁਰੱਖਿਆ ਦਾ ਭੋਗ ਪਾਉਣ ਵਰਗੀਆਂ ਨੀਤੀਆਂ ਲਾਗੂ ਕਰ ਰਹੀ ਹੈ | ਭਾਕਿਯੂ ਮਾਲਵਾ ਦੇ ਕੁਲਵੀਰ ਸਿੰਘ ਧੂਲਕੋਟ, ਕੌਮੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਦੂਹੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਾਜ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਕਦਮ ਤਾਲ ਕਰਦੀ ਹੋਈ ਭਗਵੰਤ ਮਾਨ ਸਰਕਾਰ ਵੀ ਲੋਕਾਂ ਦੇ ਆਰਥਿਕ ਹਿੱਤਾਂ ਦੇ ਨਾਲ-ਨਾਲ ਜਮੂਹਰੀ ਹੱਕਾਂ ਦਾ ਘਾਣ ਕਰ ਰਹੀ ਹੈ ਤੇ ਸੰਘਰਸ਼ਸ਼ੀਲ ਆਗੂਆਂ ਤੇ ਵਰਕਰਾਂ 'ਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ 'ਚ ਡੱਕ ਰਹੀ ਹੈ | ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਇਨ੍ਹਾਂ ਕਾਨੂੰਨਾਂ ਖ਼ਿਲਾਫ਼ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿਚ ਸ਼ਾਮਿਲ ਹੋਣ ਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ 6 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦਿੱਤੇ ਜਾ ਰਹੇ ਧਰਨੇ 'ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ | ਇਸ ਮੌਕੇ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਭੋਲਾ ਸਿੰਘ ਬੁੱਟਰ ਸ਼ਰੀਂਹ, ਜਸਵੀਰ ਸਿੰਘ ਪੱਪਲਾ ਦੋਦਾ, ਬਿੱਕਰ ਸਿੰਘ, ਸੇਵਾ ਸਿੰਘ ਭਲਾਈਆਣਾ, ਰਾਜੂ ਸਿੰਘ ਮੱਲਣ, ਜਗਸੀਰ ਸਿੰਘ ਖ਼ਾਲਸਾ, ਜੀਤ ਸਿੰਘ, ਬੋਹੜ ਸਿੰਘ ਕੋਟਲੀ, ਰਣਜੀਤ ਸਿੰਘ ਖ਼ਾਲਸਾ ਬੁੱਟਰ ਬਖੂਹਾ, ਅੰਗਰੇਜ਼ ਸਿੰਘ, ਦਲਜੀਤ ਸਿੰਘ ਦੂਹੇਵਾਲਾ, ਗੁਰਦੀਪ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਰਾਜਾ ਸਿੰਘ, ਮੱਖਣ ਸਿੰਘ ਚੱਕ ਗਿਲਜੇਵਾਲਾ, ਦਵਿੰਦਰ ਸਿੰਘ, ਰਾਜਾ ਸਿੰਘ ਮਹਿਰਾਜ ਵਾਲਾ ਆਦਿ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਹਾਜ਼ਰ ਸਨ |