ਗਿੱਦੜਬਾਹਾ, 3 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਪਿੰਡ ਪਿਉਰੀ ਵਾਸੀਆਂ ਵਲੋਂ ਸਿੰਚਾਈ ਕਰਨ ਲਈ ਲੰਮੇ ਸਮੇਂ ਬਾਅਦ ਬਣ ਰਹੇ ਪੱਕੇ ਖ਼ਾਲ 'ਚ ਗੈਰ ਮਿਆਰੀ ਇੱਟਾਂ ਵਰਤਣ ਦਾ ਦੋਸ਼ ਲਗਾਇਆ ਹੈ, ਜਿਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਜਪ੍ਰਣਾਲੀ 'ਤੇ ਪ੍ਰਸ਼ਨ ਚਿੰਨ ਲਗਾ ਦਿੱਤੇ ਹਨ | ਪਿੰਡ ਦੇ ਸਰਪੰਚ ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਮ ਸਿੰਘ ਤੇ ਹਰਬੰਸ ਸਿੰਘ ਸਮੇਤ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਸਿੰਚਾਈ ਲਈ ਚਾਰ ਦਹਾਕੇ ਪਹਿਲਾਂ ਪੱਕਾ ਖ਼ਾਲ ਬਣਿਆ ਸੀ, ਜਿਸ ਦੀ ਹੁਣ ਮਿਆਦ ਪੁੱਗ ਚੁੱਕੀ ਸੀ ਅਤੇ ਥਾਂ-ਥਾਂ ਤੋਂ ਟੁੱਟ ਚੁੱਕਿਆ ਸੀ | ਜਿਸ ਨੂੰ ਹੁਣ ਸਿੰਚਾਈ ਵਿਭਾਗ ਦੀ ਦੇਖ-ਰੇਖ ਹੇਠ ਨਵਿਆਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਬਣ ਰਹੇ ਖ਼ਾਲ ਵਿਚ ਹੁਣ ਕਥਿਤ ਗੈਰ ਮਿਆਰੀ ਇੱਟਾਂ ਵਰਤੀਆਂ ਜਾ ਰਹੀਆਂ ਹਨ | ਉਨ੍ਹਾਂ ਵਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸੁਧਾਰ ਨਹੀਂ ਲਿਆਂਦਾ ਜਾ ਰਿਹਾ | ਉਨ੍ਹਾਂ ਇਹ ਵੀ ਦੱਸਿਆ ਕਿ ਖ਼ਾਲ ਵਿਚ ਵਰਤੇ ਜਾ ਰਹੇ ਹੋਰ ਮਟੀਰੀਅਲ 'ਚ ਵੀ ਪੂਰਾ ਸਾਮਾਨ ਨਹੀਂ ਵਰਤਿਆ ਜਾ ਰਿਹਾ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਉਨ੍ਹਾਂ ਬਣ ਰਹੇ ਖ਼ਾਲ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | ਸਿੰਚਾਈ ਵਿਭਾਗ ਦੇ ਜੇ.ਈ. ਸੰਦੀਪ ਸਿੰਘ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਟਰਾਲੀ ਇੱਟਾਂ ਦੀ ਦੇਰ ਰਾਤ ਆ ਗਈ ਸੀ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਹੈ ਤੇ ਬਣ ਰਹੇ ਖ਼ਾਲ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਵਰਤੀ ਜਾ ਰਹੀ | ਜੇਕਰ ਇਸ ਵਿਚ ਕੋਈ ਘਾਟ ਪਾਈ ਗਈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ |