ਅਜੀਤਵਾਲ, 3 ਜਨਵਰੀ (ਹਰਦੇਵ ਸਿੰਘ ਮਾਨ)-ਦਵਿੰਦਰ ਸਿੰਘ ਲੋਟੇ ਡਾਇਰੈਕਟਰ ਯੂਥ ਸੇਵਾਵਾਂ ਮੋਗਾ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੇ ਕਮਾਂਡਿੰਗ ਅਫਸਰ ਫੈਜ਼ਾਨ ਜ਼ਹੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਦੇ ਸਟਾਫ ਅਤੇ ਵਲੰਟੀਅਰਾਂ ਵਲੋਂ ਧੁੰਦ ਅਤੇ ਹਨੇਰੇ 'ਚ ਦੁਰਘਟਨਾਵਾਂ ਤੋਂ ਬਚਾਅ ਲਈ ਵੱਡੇ ਵਾਹਨਾਂ, ਗੱਡੀਆਂ, ਮੋਟਰਸਾਈਕਲਾਂ ਆਦਿ ਉੱਪਰ ਰਿਫਲੈਕਟਰ ਲਗਾਏ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਜ਼ਿਆਦਾ ਸਰਦੀ ਦੇ ਮੌਸਮ ਵਿਚ ਧੁੰਦ ਕਾਰਨ ਗੱਡੀਆਂ ਦੀਆਂ ਲਾਈਟਾਂ ਮੱਧਮ ਦਿਸਦੀਆਂ ਹਨ ਅਤੇ ਰਿਫਲੈਕਟਰ ਲੱਗੇ ਹੋਣ ਕਾਰਨ ਇਹ ਹਲਕੀ ਜਿਹੀ ਲਾਈਟ ਪੈਣ ਨਾਲ ਵੀ ਚਮਕਦੇ ਹਨ ਜੋ ਧੁੰਦ ਅਤੇ ਰਾਤ ਵੇਲੇ ਰਿਫਲੈਕਟਰ ਬਚਾਅ ਦਾ ਕੰਮ ਕਰਦੇ ਹਨ | ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਦੇ ਕਾਰਨ ਵਿਜੀਵੈਲਟੀ ਬਹੁਤ ਜ਼ਿਆਦਾ ਘੱਟ ਹੋਣ ਕਾਰਨ ਆਪਣੀਆਂ ਗੱਡੀਆਂ ਫੋਗ ਲਾਈਟਾਂ, ਹੈੱਡ ਲਾਈਟਾਂ ਚਾਲੂ ਰੱਖੋ ਅਤੇ ਹਾਈ ਬੀਨ ਲਾਈਟਾਂ ਤੋਂ ਪਰਹੇਜ਼ ਕਰੋ | ਸੀਟ ਬੈਲਟਾਂ ਦੀ ਵਰਤੋਂ ਅਤੇ ਗੱਡੀਆਂ ਵਿਚ ਪਾਣੀ, ਮਲ੍ਹਮ ਪੱਟੀ ਅਤੇ ਹੋਰ ਫਸਟ-ਏਡ ਦੀਆਂ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ | ਐਨ.ਸੀ.ਸੀ. ਇੰਚਾਰਜ ਹਰਮੇਲ ਸਿੰਘ ਨੇ ਵਲੰਟੀਅਰਾਂ ਨੂੰ ਜ਼ਖਮੀਆਂ ਦੀ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਜਨ-ਸੇਵਾ ਮਹਾਨ ਸੇਵਾ ਹੁੰਦੀ ਹੈ ਅਤੇ ਇਹ ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਸਮੇਂ-ਸਮੇਂ ਸਿਰ ਸੁਚੇਤ ਕਰੀਏ ਅਤੇ ਜਦ ਵੀ ਮੌਕਾ ਹੋਵੇ ਮਨੁੱਖੀ ਜਾਨਾਂ ਬਚਾਉਣ ਵਿਚ ਆਪਣਾ ਯੋਗਦਾਨ ਪਾਈਏ | ਇਸ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਰਹੇ |