ਮੋਗਾ, 3 ਜਨਵਰੀ (ਅਸ਼ੋਕ ਬਾਂਸਲ)-ਗੁਰਪ੍ਰੀਤ ਸਿੰਘ ਡੀ.ਐਸ.ਪੀ. ਸਬ ਡਿਵੀਜ਼ਨ ਮੋਗਾ ਅਤੇ ਡੀ.ਐਸ.ਪੀ ਟਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਆਜ਼ਾਦ ਟਾਟਾ ਏਸ ਯੂਨੀਅਨ ਪੁਰਾਣੀ ਦਾਣਾ ਮੰਡੀ ਮੋਗਾ ਦੇ ਡਰਾਈਵਰਾਂ ਨੂੰ ਟਰੈਫਿਕ ਚਿੰਨਾਂ ਸਬੰਧੀ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ, 112 ਹੈਲਪ ਲਾਈਨ ਨੰਬਰ ਸਬੰਧੀ, ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ | ਏ.ਐਸ.ਆਈ. ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆਂ ਨੂੰ ਟਰੈਫਿਕ ਚਿੰਨਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਇਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਬਾਰੇ ਕਿਹਾ | ਇਸ ਸਮੇਂ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਹੀਕਲਾਂ 'ਤੇ ਰਿਫਲੈਕਟਰ ਵੀ ਲਗਾਏ ਗਏ ਤਾਂ ਜੋ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਐਸ.ਆਈ ਸੁਖਮੰਦਰ ਸਿੰਘ ਇੰਚਾਰਜ ਟਰੈਫਿਕ ਸਟਾਫ ਮੋਗਾ, ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਵਿਕੀ, ਯੂਨੀਅਨ ਪ੍ਰਧਾਨ ਬਿੱਟੂ ਅਤੇ ਸਮੂਹ ਡਰਾਈਵਰ ਹਾਜ਼ਰ ਸਨ |