ਮੋਗਾ, 3 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਮੋਗਾ ਸ਼ਹਿਰ ਦੇ ਵਾਰਡਾਂ ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ ਅਤੇ ਵਾਰਡਾਂ ਵਿਚ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਚੌਂਕ ਸ਼ੇਖਾ ਤੋਂ ਦੇਵ ਹੋਟਲ ਚੌਂਕ ਤੱਕ 43 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪਲਾਈਨ ਅਤੇ 36 ਲੱਖ ਰੁਪਏ ਦੀਆਂ ਇੰਟਰਲਾਕ ਟਾਈਲਾਂ ਲਾਉਣ ਦਾ ਉਦਘਾਟਨ ਕਰਦਿਆਂ ਕੀਤਾ | ਇਸ ਮੌਕੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਕੌਂਸਲਰ ਪ੍ਰਵੀਨ ਕੁਮਾਰ ਮੱਕੜ, ਸਾਬਕਾ ਕੌਂਸਲਰ ਰਾਕੇਸ਼ ਕਾਲਾ ਬਜਾਜ, ਨਗਰ ਨਿਗਮ ਦੇ ਕੌਂਸਲਰ, ਅਧਿਕਾਰੀ, ਕਰਮਚਾਰੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੇ ਚੌਂਕ ਸ਼ੇਖਾ ਤੋਂ ਦੇਵ ਹੋਟਲ ਚੌਂਕ ਤੱਕ ਖੁੱਲ੍ਹੀਆਂ ਨਾਲੀਆਂ ਵਸਨੀਕਾਂ ਲਈ ਇਕ ਸਮੱਸਿਆ ਸਨ, ਜਿੱਥੇ ਮੀਂਹ ਦੌਰਾਨ ਪਾਣੀ ਦੁਕਾਨਾਂ ਅਤੇ ਘਰਾਂ ਵਿਚ ਦਾਖਲ ਹੋ ਜਾਂਦਾ ਸੀ | ਉਨ੍ਹਾਂ ਨੇ ਇਹ ਮੁੱਦਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਉਨ੍ਹਾਂ ਨੇ ਵਸਨੀਕਾਂ ਅਤੇ ਦੁਕਾਨਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਨਤੀਜੇ ਵਜੋਂ ਅੱਜ ਤੋਂ 43 ਲੱਖ ਦੀ ਲਾਗਤ ਨਾਲ ਨਵੀਂ ਸੀਵਰ ਪਾਈਪਲਾਈਨ ਵਿਛਾਈ ਜਾਵੇਗੀ | ਇਸ ਤੋਂ ਇਲਾਵਾ 36 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ | ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਹਰੀ ਹਿੱਸੇ ਦੇ ਸੁੰਦਰੀਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿੱਥੇ ਬੂਟੇ ਲਗਾਉਣ ਦੇ ਕੰਮ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮੋਗਾ ਦੇ ਵਾਰਡਾਂ ਦੇ ਤਰਜੀਹੀ ਵਿਕਾਸ ਨੂੰ ਯਕੀਨੀ ਬਨਾਉਣਾ ਹੈ | ਇਸ ਮੌਕੇ ਵਾਰਡ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਨੂੰ ਹਾਰ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ |