ਨਥਾਣਾ, 5 ਜਨਵਰੀ (ਲੁੱਧੜ): ਪੈੱ੍ਰਸ ਕਲੱਬ ਨਥਾਣਾ ਅਤੇ ਪੰਜਾਬੀ ਸਾਹਿੱਤ ਸਭਾ ਨਥਾਣਾ ਦੇ ਆਗੂਆਂ ਅਤੇ ਮੈਂਬਰਾਂ ਵਲੋਂ ਪੱਤਰਕਾਰਾਂ ਅਤੇ ਆਰ.ਟੀ.ਆਈ ਕਾਰਕੁਨਾਂ ਵਿਰੁੱਧ ਸਰਕਾਰ ਵਲੋਂ ਮੁਕੱਦਮੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ | ਪੈੱ੍ਰਸ ਕਲੱਬ ਦੇ ਮੈਂਬਰਾਂ ਹਰਪ੍ਰੀਤ ਸਿੰਘ ਮੰਧੇਸ਼ਾ, ਭਗਵਾਨ ਦਾਸ ਗਰਗ, ਗੁਰਦਰਸ਼ਨ ਸਿੰਘ ਲੁੱਧੜ, ਹਰਬੰਸ ਸਿੰਘ, ਚਰਨਜੀਤ ਸਿੰਘ ਸਿੱਧੂ, ਲੇਖਕ ਆਗੂ ਮਿੱਠਾ ਸਿੰਘ ਸੇਖੋਂ ਅਤੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਪੰਜਾਬ ਦੀ ਰਾਜ ਸੱਤਾ ਵੱਲ ਪੇਸ਼ਕਦਮੀ ਕਰਨ ਮੌਕੇ ਭਗਵੰਤ ਮਾਨ ਅਤੇ ਉਸ ਦੀ ਟੀਮ ਦੇ ਹੋਰਨਾਂ ਆਗੂਆਂ ਵਲੋਂ ਲੋਕਾਂ ਨੂੰ ਦਿੱਤੀ ਗਈ ਪ੍ਰੇਰਨਾ ਤਹਿਤ ਜਦੋਂ ਅੱਜ ਕੱਲ੍ਹ ਪੱਤਰਕਾਰਾਂ, ਆਰ.ਟੀ.ਆਈ ਕਾਰਕੁਨਾਂ ਅਤੇ ਸਮਾਜਿਕ ਆਗੂਆਂ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਉਸੇ ਭਗਵੰਤ ਮਾਨ ਦੀ ਸਰਕਾਰ ਵਲੋਂ ਇਸ ਦੇ ਪ੍ਰਤੀਕਰਮ ਵਜੋਂ ਮੁਕੱਦਮੇ ਦਰਜ ਕਰਕੇ ਜਨਤਕ ਆਵਾਜ਼ ਨੂੰ ਜਬਰੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੱਤਰਕਾਰਾਂ ਅਤੇ ਸਾਹਿਤਕਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦਰਜ ਕੀਤੇ ਗਏ ਮੁਕੱਦਮੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |