24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ੍ਰੀ ਮੁਕਤਸਰ ਸਾਹਿਬ ਵਿਖੇ ਸਪਲਾਈ ਹੋ ਰਿਹਾ ਦੂਸ਼ਿਤ ਪਾਣੀ

Ad Position 21
No active advertisement
ਅਜੀਤ ਡੈਸਕ 07-01-2026

ਲੋਕ ਬੋਲੇ : ਅਧਿਕਾਰੀ ਸੁਣਦੇ ਨਹੀਂ, ਲੋਕ ਦੇ ਰਹੇ ਹਨ ਪ੍ਰਦੂਸ਼ਿਤ ਪਾਣੀ ਦੇ ਬਿੱਲ
ਸ੍ਰੀ ਮੁਕਤਸਰ ਸਾਹਿਬ, 6 ਜਨਵਰੀ (ਹਰਮਹਿੰਦਰ ਪਾਲ)-ਇੰਦੌਰ 'ਚ ਜਲ ਬੋਰਡ ਦੀ ਲਾਪ੍ਰਵਾਹੀ ਨਾਲ ਪੀਣ ਦੇ ਪਾਣੀ ਵਿਚ ਐੱਸ.ਟੀ.ਪੀ. ਦਾ ਪਾਣੀ ਮਿਲ ਕੇ ਸਪਲਾਈ ਹੋਣ ਨਾਲ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ | ਅਜਿਹਾ ਹੀ ਹਾਲ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਖੇਤਰ 'ਚ ਵੀ ਹੈ | ਦਰਜਨਾਂ ਮੁਹੱਲਿਆਂ 'ਚ ਰਹਿਣ ਵਾਲੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਘਰਾਂ 'ਚ ਸੀਵਰੇਜ਼ ਮਿਕਸ ਪਾਣੀ ਸਪਲਾਈ ਹੋ ਰਿਹਾ ਹੈ | ਸ਼ਹਿਰ 'ਚ ਕਰੀਬ ਡੇਢ ਲੱਖ ਦੀ ਆਬਾਦੀ ਹੈ, ਪਰ ਸੰਬੰਧਿਤ ਵਿਭਾਗ ਤੇ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ | ਇੰਦੌਰ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗਿਆ | ਭਾਵੇ ਅੰਮਿ੍ਤ ਯੋਜਨਾ ਦੇ ਤਹਿਤ ਹੁਣ ਪਾਈਪਾਂ ਪਾਈਆਂ ਜਾ ਰਹੀਆਂ ਹਨ, ਪਰ ਲੋਕਾਂ ਦੇ ਘਰਾਂ ਵਿਚ ਲਗਾਤਾਰ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ | ਪਾਈਪਾਂ ਪਾਉਣ ਦੇ ਪ੍ਰਾਜੈਕਟ ਨੂੰ ਹੁਣ ਕਾਫ਼ੀ ਸਮਾਂ ਲੱਗੇਗਾ | ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਭੁੱਲਰ ਕਾਲੋਨੀ, ਜੋਧੂ ਕਾਲੋਨੀ, ਤਿਲਕ ਨਗਰ, ਆਦੇਸ਼ ਨਗਰ, ਮਾਡਲ ਟਾਊਨ ਵਿਚ ਹਜ਼ਾਰਾਂ ਘਰ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਇਥੇ ਟੂਟੀਆਂ ਵਿਚ ਸੀਵਰੇਜ਼ ਮਿਕਸ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਇਨ੍ਹਾਂ ਮੁਹੱਲਿਆਂ ਤੋਂ ਇਲਾਵਾ ਵੀ ਹੋਰ ਮੁਹੱਲਿਆਂ ਦੀ ਵੀ ਅਜਿਹੀ ਹੀ ਸਥਿਤੀ ਹੈ | ਪਿਛਲੇ ਸਾਲ 13 ਜੁਲਾਈ ਨੂੰ ਗੋਨਿਆਣਾ ਰੋਡ ਵਾਸੀਆਂ ਨੇ ਸੜਕ ਜਾਮ ਕਰਕੇ ਧਰਨਾ ਲਗਾਇਆ ਸੀ, ਜਿਸ ਤੋਂ ਬਾਅਦ ਸੀਵਰੇਜ ਐਂਡ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ | ਅਜਿਹੇ ਪਤਾ ਨਹੀਂ ਕਿੰਨੇ ਭਰੋਸੇ ਅਧਿਕਾਰੀਆਂ ਨੇ ਦਿੱਤੇ, ਪਰ ਸਮੱਸਿਆ ਅੱਜ ਵੀ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਉਸੇ ਤਰ੍ਹਾਂ ਹੀ ਹੈ | ਭੁੱਲਰ ਕਾਲੋਨੀ ਵਾਸੀ ਜਵਾਹਰ ਲਾਲ ਸ਼ਰਮਾ, ਹਰਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸੀਵਰੇਜ਼ ਮਿਕਸ ਪਾਣੀ ਦੀ ਸਪਲਾਈ ਆ ਰਹੀ ਹੈ | ਪਾਈਪਾਂ ਟੁੱਟੀਆਂ ਹੋਣ ਕਾਰਨ ਵਾਟਰ ਵਰਕਸ ਤੋਂ ਜੋ ਪਾਣੀ ਘਰਾਂ ਵਿਚ ਟੂਟੀਆਂ ਵਿਚ ਸਪਲਾਈ ਹੋ ਕੇ ਆ ਰਿਹਾ ਹੈ, ਉਹ ਬਿਲਕੁਲ ਕਾਲਾ ਆ ਰਿਹਾ ਹੈ | ਇਹ ਪਾਣੀ ਪੀਣ ਤਾਂ ਦੂਰ ਦੀ ਗੱਲ ਬਰਤਨ ਸਾਫ਼ ਕਰਨ ਦੇ ਲਾਇਕ ਵੀ ਨਹੀਂ | ਗੰਦਾ ਪਾਣੀ ਬਹੁਤ ਗੰਦੀ ਬਦਬੂ ਮਾਰਦਾ ਹੈ | ਉਹ ਮਜ਼ਬੂਰਨ ਘਰਾਂ 'ਚ ਲੱਗੀਆਂ ਮੋਟਰਾਂ ਜਾ ਨਲਕਿਆਂ ਦਾ ਪਾਣੀ ਇਸਤੇਮਾਲ ਕਰਦੇ ਹਨ | ਇਹੀ ਹਾਲ ਸ਼ਹਿਰ ਦੇ ਹੋਰ ਮੁਹੱਲਿਆਂ ਦਾ ਵੀ ਹੈ | ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਅਧਿਕਾਰੀ ਕਰਦੇ ਨਹੀਂ ਹਨ, ਪਰ ਪਾਣੀ ਦਾ ਬਿੱਲ ਭੇਜ ਦਿੰਦੇ ਹਨ | ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਪਾਣੀ ਸਾਫ਼ ਮੁਹੱਈਆ ਕਰਵਾ ਕੇ ਦਿੱਤਾ ਜਾਵੇ | ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਉਹ ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਸੰਬੰਧਿਤ ਵਿਭਾਗ ਨੂੰ ਕਰ ਚੁੱਕੇ ਹਨ, ਪਰ ਅਧਿਕਾਰੀਆਂ ਦੇ ਸਿਰ 'ਤੇ ਜੂੰਅ ਨਹੀਂ ਸਰਕਦੀ | ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਸ਼ਹਿਰ ਵਿਚ ਅੰਮਿ੍ਤ ਯੋਜਨਾ ਦੇ ਤਹਿਤ 138 ਕਰੋੜ ਰੁਪਏ ਕੇ ਕੰਮ ਚੱਲ ਰਹੇ ਹਨ, ਜਿਸ ਵਿਚ ਸੀਵਰੇਜ਼ ਤੇ ਵਾਟਰ ਪਾਈਪ ਲਾਈਨ ਪਾਉਣ ਦੇ ਕੰਮ ਕੀਤੇ ਜਾ ਰਹੇ ਹਨ | ਸੀਵਰੇਜ਼ ਸਪੈਸ਼ਲ ਪਾਈਪ ਪਾਉਣ ਦਾ ਕੰਮ ਕੋਟਕਪੂਰਾ ਰੋਡ, ਬਠਿੰਡਾ ਰੋਡ, ਮਾਡਲ ਟਾਊਨ, ਅੰਬੇਡਕਰ ਨਗਰ, ਆਦਰਸ਼ ਨਗਰ, ਭੁੱਲਰ ਕਾਲੋਨੀ, ਜੋਧੂ ਕਾਲੋਨੀ, ਮੇਨ ਮਾਰਕਿਟ, ਟਿੱਬੀ ਸਾਹਿਬ ਰੋਡ, ਬਾਗ ਵਾਲੀ ਗਲੀ ਅਤੇ ਜਲਾਲਾਬਾਦ ਰੋਡ 'ਤੇ ਇਲਾਕਾ ਨਿਵਾਸੀਆਂ ਲਈ ਚੱਲ ਰਿਹਾ ਹੈ | ਸ਼ਹਿਰ ਵਿਚ ਸੀਵਰੇਜ਼ ਤੇ ਵਾਟਰ ਸਪਲਾਈ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਪੀ. ਵਲੋਂ ਮੇਲਾ ਮਾਘੀ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਸਪੈਸ਼ਲ ਨਾਕੇਬੰਦੀ ਤੇ ਸਖ਼ਤ ਚੈਕਿੰਗ ਅਗਲੀ ਖ਼ਬਰ ਮਾਘੀ ਮੇਲੇ ਦੀ ਕਾਨਫ਼ਰੰਸ ਦੀਆਂ ਤਿਆਰੀਆਂ 'ਚ ਅਕਾਲੀ ਦਲ (ਬ) ਦੇ ਆਗੂ ਜੁਟੇ
Ad Position 24