ਲੰਬੀ, 6 ਜਨਵਰੀ (ਮੇਵਾ ਸਿੰਘ)-ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਨਾਲ ਪਿੰਡ ਬਾਦਲ ਵਿਖੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਮੰਗ ਕੀਤੀ ਗਈ ਕਿ ਪੰਜਾਬ ਤੇ ਹਰਿਆਣਾ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਬਾਲ ਲੀਲਾ ਦੇ ਦਰਸ਼ਨ ਕਰਨ ਲਈ ਕੇਂਦਰ ਸਰਕਾਰ ਦੇ ਰੇਲਵੇ ਮੰਤਰੀ ਤੋਂ ਅੰਮਿ੍ਤਸਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਇਕ ਰੇਲਵੇ ਦਾ ਸਮਾਂ ਸ੍ਰੀ ਹਜ਼ੂਰ ਸਾਹਿਬ ਦੀ ਤਰਜ਼ 'ਤੇ ਚਲਾਇਆ ਜਾਵੇ | ਜਥੇਦਾਰ ਬਘੌਰਾ ਨੇ ਪੰਜਾਬ ਦੇ ਪੰਚਾਂ, ਸਰਪੰਚਾਂ, ਵੱਖ-ਵੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਜਾਬ ਵਾਸੀਆਂ ਵਲੋਂ ਇਕ ਪੱਤਰ ਲਿਖਿਆ ਗਿਆ ਹੈ | ਜਿਸ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਗੁਰਦੁਆਰਿਆਂ 'ਚ ਹੋਈ ਮੀਟਿੰਗ 'ਚ ਹਾਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਲੜੂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਦੰਦਹੇੜਾ, ਗੁਰਜਿੰਦਰ ਸਿੰਘ ਗਜੂਮਾਜਰਾ ਗੁਰਦਰਸ਼ਨ ਸਿੰਘ ਗਾਂਧੀ, ਇੰਦਰਜੀਤ ਸਿੰਘ ਮਹਿਦੂਦਾਂ, ਲਾਲ ਸਿੰਘ ਮਰਦਾਂਪੁਰ ਵੀ ਹਾਜ਼ਰ ਸਨ | ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਜੋ ਰੇਲਾਂ ਚਲਦੀਆਂ ਹਨ, ਉਹ ਲੰਮੇ ਰੁੂਟ ਵਾਲੀਆਂ ਹਨ ਜਿਸ ਦੀ ਵਜ੍ਹਾ ਕਰਕੇ ਪਿਛਲੇ ਦਿਨੀਂ ਜੋ ਰੇਲ ਗੱਡੀਆਂ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਲਈ ਆਉਂਦੀਆਂ ਸਨ, ਉਨ੍ਹਾਂ ਦੇ ਅੱਗੇ ਇਕ ਮਾਲ ਗੱਡੀ ਦਾ ਹਾਦਸਾ ਹੋਣ ਕਰਕੇ ਸੰਗਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਹੈ, ਜਿਸ ਕਰਕੇ ਘੱਟੋ-ਘੱਟ ਚਾਰ-ਪੰਜ ਦਿਨ ਸੰਗਤਾਂ ਨੂੰ ਰੇਲਗੱਡੀ ਦੀ ਉਡੀਕ ਕਰਨੀ ਪਈ | ਆਗੂਆਂ ਨੇ ਕਿਹਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਤਰਜ਼ 'ਤੇ ਇਕ ਰੇਲਗੱਡੀ ਅੰਮਿ੍ਤਸਰ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਚਲਾਈ ਜਾਵੇ | ਉਸ ਰੇਲ ਗੱਡੀ ਤੇ ਬਾਕੀ ਚੱਲਦੀਆਂ ਗੱਡੀਆਂ ਵਿਚ ਗੁਰਦੁਆਰਾ ਸ੍ਰੀ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਬਾਲ ਲੀਲਾ ਪਟਨਾ ਸਾਹਿਬ ਦਾ ਸੀਟਾਂ ਦਾ ਸਪੈਸ਼ਲ ਕੋਟਾ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਕੋਟੇ ਵਿਚ ਵੀ ਸੀਟਾਂ ਰਾਖਵੀਆਂ ਰੱਖੀਆਂ ਜਾਣ | ਇਸ ਤੋਂ ਬਾਅਦ ਜਥੇਦਾਰ ਬਘੌਰਾ ਨੇ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ |