ਖੇਤੀਬਾੜੀ ਨੂੰ ਮੁਨਾਫ਼ੇਯੋਗ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ- ਖੁੱਡੀਆਂ
ਅਜੀਤ ਡੈਸਕ
07-01-2026
ਸ੍ਰੀ ਮੁਕਤਸਰ ਸਾਹਿਬ, 6 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਨੂੰ ਮੁਨਾਫ਼ੇਯੋਗ ਬਣਾਉਣ, ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਅਤੇ ਸਹਾਇਕ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਤਜ਼ਰਬੇ ਤੇ ਆਧੁਨਿਕ ਤਕਨੀਕ ਦੀ ਅਹਿਮ ਭੂਮਿਕਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਬੀਤੇ ਦਿਨੀਂ ਪਿੰਡ ਦਿਉਣ ਦੇ ਜੰਮਪਲ ਅਤੇ ਹਾਲ 'ਚ ਬਿ੍ਟਿਸ਼ ਕੋਲੰਬੀਆ ਸਰਕਾਰ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਨਾਲ ਹੋਈ ਵਿਸਥਾਰਪੂਰਕ ਮੀਟਿੰਗ ਦੌਰਾਨ ਕੀਤਾ | ਅਗਾਂਹਵਧੂ ਕਿਸਾਨ ਸੰਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਦੋਵਾਂ ਨੇ ਪੰਜਾਬ ਤੇ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿਚਕਾਰ ਖੇਤੀਬਾੜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ | ਇਸ ਦੌਰਾਨ ਖੇਤੀਬਾੜੀ ਨੂੰ ਵਪਾਰਕ ਤੇ ਮੁਨਾਫ਼ੇਯੋਗ ਬਣਾਉਣ, ਕਿਸਾਨੀ ਆਮਦਨ ਵਧਾਉਣ ਲਈ ਨਵੇਂ ਮਾਡਲ ਅਪਣਾਉਣ ਅਤੇ ਵਿਭਿੰਨਤਾ 'ਤੇ ਖ਼ਾਸ ਧਿਆਨ ਕੇਂਦਰਿਤ ਕੀਤਾ ਗਿਆ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਨੂੰ ਫ਼ਸਲੀ ਵਿਭਿੰਨਤਾ, ਉਚ ਮੁੱਲ ਵਾਲੀਆਂ ਫ਼ਸਲਾਂ, ਬੀਜ ਤਕਨੀਕ, ਪਿ੍ੰਸੀਜ਼ਨ ਫਾਰਮਿੰਗ ਤੇ ਮਕੈਨੀਕਲ ਖੇਤੀ ਵੱਲ ਅੱਗੇ ਵਧਣ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਬਿ੍ਟਿਸ਼ ਕੋਲੰਬੀਆ ਵਿਚ ਵਰਤੀ ਜਾ ਰਹੀ ਆਧੁਨਿਕ ਖੇਤੀ ਤਕਨੀਕ, ਕੋਲਡ ਚੇਨ ਪ੍ਰਬੰਧਨ ਅਤੇ ਮਾਰਕੀਟ-ਲਿੰਕੇਜ ਮਾਡਲ ਪੰਜਾਬ ਦੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦੇ ਹਨ | ਮੀਟਿੰਗ ਦੌਰਾਨ ਡੇਅਰੀ ਤੇ ਪਸ਼ੂ ਪਾਲਣ ਖੇਤਰ 'ਚ ਵੀ ਵਿਸਥਾਰ ਨਾਲ ਚਰਚਾ ਹੋਈ | ਦੋਵਾਂ ਨੇ ਡੇਅਰੀ ਫਾਰਮਿੰਗ ਵਿਚ ਜੈਨੇਟਿਕ ਸੁਧਾਰ, ਚਾਰਾ ਪ੍ਰਬੰਧਨ, ਪਸ਼ੂ ਸਿਹਤ ਸੇਵਾਵਾਂ, ਦੁੱਧ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਸਹਿਮਤੀ ਜਤਾਈ | ਇਸ ਤੋਂ ਇਲਾਵਾ ਮੱਛੀ ਪਾਲਣ ਨੂੰ ਕਿਸਾਨਾਂ ਲਈ ਆਮਦਨ ਦਾ ਵਾਧੂ ਸਰੋਤ ਬਣਾਉਣ ਲਈ ਅਧੁਨਿਕ ਮੱਛੀ ਪਾਲਣ ਤਕਨੀਕ, ਹੈਚਰੀ ਵਿਕਾਸ ਅਤੇ ਮਾਰਕੀਟਿੰਗ ਪ੍ਰਣਾਲੀ 'ਤੇ ਵੀ ਵਿਚਾਰ ਕੀਤਾ ਗਿਆ | ਕੈਨੇਡੀਅਨ ਮੰਤਰੀ ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਕੈਨੇਡਾ ਵਿਚ ਖੇਤੀਬਾੜੀ, ਡੇਅਰੀ ਤੇ ਪਸ਼ੂ ਪਾਲਣ ਖੇਤਰ ਵਿਚ ਵਰਤੀ ਜਾ ਰਹੀ ਨਵੀਂ ਤਕਨੀਕ, ਖੋਜ ਅਤੇ ਨਵੀਨਤਾ ਦਾ ਤਜ਼ਰਬਾ ਪੰਜਾਬ ਨਾਲ ਸਾਂਝਾ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਵਿਚਕਾਰ ਗਿਆਨ ਅਦਾਨ-ਪ੍ਰਦਾਨ, ਟ੍ਰੇਨਿੰਗ ਪ੍ਰੋਗਰਾਮਾਂ ਅਤੇ ਨਿਵੇਸ਼ ਦੇ ਮੌਕੇ ਖੋਲ੍ਹੇ ਜਾ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ | ਮੀਟਿੰਗ ਦੌਰਾਨ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਕਿਸਾਨਾਂ ਅਤੇ ਨੌਜਵਾਨਾਂ ਲਈ ਸਕਿੱਲ ਡਿਵੈਲਪਮੈਂਟ, ਸਟਾਰਟਅਪਸ ਅਤੇ ਐਗਰੋ-ਪ੍ਰੋਸੈਸਿੰਗ ਖੇਤਰ 'ਚ ਸਾਂਝੇ ਉਪਰਾਲਿਆਂ 'ਤੇ ਵੀ ਚਰਚਾ ਕੀਤੀ ਗਈ |