ਮਲੋਟ, 24 ਜਨਵਰੀ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਪਿੰ੍ਰਸੀਪਲ ਤੇ ਅਧਿਆਪਕਾਂ ਵਲੋਂ ਜੋਤੀ ਪ੍ਰਚੰਡ ਕਰਕੇ ਅਤੇ ਮਾਂ ਸਰਸਵਤੀ ਦੀ ਪੂਜਾ ਨਾਲ ਕੀਤੀ ਗਈ | ਸਕੂਲ ਵਲੋਂ ਛੋਟੇ ਬੱਚਿਆਂ ਲਈ ਪਤੰਗਬਾਜ਼ੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸੁਰੱਖਿਅਤ ਤੇ ਪਰੰਪਰਾਗਤ ਡੋਰ ਦੀ ਵਰਤੋਂ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਸੰਤ ਰੁੱਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਨਾਇਲੋਨ ਤੋਂ ਬਣੀ ਚਾਈਨਾ ਡੋਰ ਨਾਲ ਪੰਛੀਆਂ ਤੇ ਮਨੁੱਖੀ ਜੀਵਨ ਨੂੰ ਹੋਣ ਵਾਲੇ ਗੰਭੀਰ ਨੁਕਸਾਨਾਂ ਬਾਰੇ ਵੀ ਜਾਗਰੂਕ ਕੀਤਾ | ਉਨ੍ਹਾਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਅੰਤ ਵਿਚ ਵਿਦਿਆਰਥੀਆਂ ਨੇ ਇਹ ਸੰਕਲਪ ਲਿਆ ਕਿ ਉਹ ਕਦੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਸਮਾਜ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੇ |