ਬਰਗਾੜੀ, 3 ਫ਼ਰਵਰੀ (ਲਖਵਿੰਦਰ ਸ਼ਰਮਾ)-ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਧੀ ਅਨਮੁੱਲੀ ਦਾਤ ਪ੍ਰੋਗਰਾਮ ਦੀ ਲੜੀ ਤਹਿਤ ਨਵ ਜੰਮੀਆਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪਿੰਡ ਢਿਲਵਾਂ ਕਲਾਂ ਵਿਖੇ ਇਹ ਪ੍ਰੋਗਰਾਮ ਮਨਾਉਂਦਿਆਂ ਵਿਭਾਗ ਵਲੋਂ ਪੂਰੇ ਪਿੰਡ 'ਚ ਜਾਗੂਰਕ ਰੈਲੀ ਕੱਢੀ ਗਈ ਅਤੇ ਸਮਾਗਮ 'ਚ ਪਹੁੰਚੀਆਂ ਵੱਡੀ ਗਿਣਤੀ 'ਚ ਨਵ ਜੰਮੀਆਂ ਧੀਆਂ ਅਤੇ ਮਾਵਾਂ, ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਭੱਟੀ, ਸੁਪਰਵਾਈਜ਼ਰ ਨਿਰਮਲ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਅਤੇ ਪੁੱਤਰਾਂ ਵਿਚ ਕੋਈ ਫ਼ਰਕ ਨਹੀਂ ਹੈ | ਧੀਆਂ ਵੀ ਪੁੱਤਰਾਂ ਵਾਂਗ ਹਰ ਕੰਮ ਕਰ ਸਕਦੀਆਂ ਹਨ ਅਤੇ ਪੁੱਤਰਾਂ ਵਾਂਗ ਹੀ ਸਾਡੇ ਵਿਚ ਵਿਚਰਦੀਆਂ ਹਨ | ਇਸ ਮੌਕੇ ਨਵ ਜੰਮੀਆਂ ਧੀਆਂ ਦੇ ਘਰਾਂ ਅੱਗੇ ਨਿੰਮ, ਸ਼ਰੀਂਹ ਆਦਿ ਬੰਨ੍ਹੀ ਗਈ ਅਤੇ ਖੁਸ਼ੀ ਦੇ ਗੀਤ ਗਾਏ ਗਏ | ਧੀਆਂ ਦੇ ਘਰਾਂ ਅੱਗੇ ਨਿੰਮ ਸ਼ਰੀਂਹ ਬੰਨ੍ਹਣ ਦੀ ਸਮੂਹ ਮਾਪਿਆਂ, ਨਗਰ ਨਿਵਾਸੀਆਂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਧੀਆਂ ਦਾ ਸਮਾਜ ਵਿਚ ਮਾਣ ਸਤਿਕਾਰ ਹੋਰ ਵਧੇਗਾ | ਬੁਲਾਰਿਆਂ ਨੇ ਸਮੂਹ ਹਾਜ਼ਰ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਜ਼ਰੂਰ ਦਾਖਲ ਕਰਵਾਉਣ ਤਾਂ ਕਿ ਬੱਚਿਆਂ ਦੀ ਸ਼ੁਰੂ ਤੋਂ ਹੀ ਹੋਰ ਚੰਗੀ ਤਰ੍ਹਾਂ ਸਾਂਭ ਸੰਭਾਲ ਅਤੇ ਬੱਚਿਆਂ ਦੀ ਲੋੜੀਂਦੀ ਸਿੱਖਿਆ ਸਮੇਂ ਸਿਰ ਸ਼ੁਰੂ ਹੋ ਸਕੇ | ਵਿਭਾਗ ਵਲੋਂ ਨਵ ਜੰਮੀਆਂ ਧੀਆਂ ਨੂੰ ਕੱਪੜੇ, ਕੰਬਲ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਮੂਹ ਆਂਗਣਵਾੜੀ ਵਰਕਰਾਂ ਹਾਜ਼ਰ ਸਨ |